ਫਗਵਾੜਾ 28 ਅਗਸਤ (ਸ਼ਿਵ ਕੋੜਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ ਹੇਠ ਜਿਲਾ ਕਪੂਰਥਲਾ ਕਮੇਟੀ ਵਲੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਜਿਲਾ ਪ੍ਰਧਾਨ ਸ੍ਰ. ਹਰਜੀਤ ਸਿੰਘ ਪਰਮਾਰ ਦੀ ਅਗਵਾਈ ਹੇਠ ਅੱਜ ਰਾਜਪਾਲ ਪੰਜਾਬ ਦੇ ਨਾਮ ਇਕ ਮੰਗ ਪੱਤਰ ਡਿਪਟੀ ਕਮੀਸ਼ਨਰ ਕਪੂਰਥਲਾ ਮਤੀ ਦੀਪਤੀ ਉੱਪਲ ਨੂੰ ਦਿੱਤਾ ਗਿਆ। ਜਿਸ ਵਿਚ ਜੇਈਈ ਮੇਨ ਅਤੇ ਨੀਟ ਦੀ ਸਤੰਬਰ ਮਹੀਨੇ ਵਿਚ ਹੋਣ ਵਾਲੀ ਪ੍ਰੀਖਿਆ ਨੂੰ ਕੋਵਿਡ-19 ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਅੱਗੇ ਪਾਉਣ ਦੀ ਮੰਗ ਕੀਤੀ ਗਈ। ਡੀ.ਸੀ. ਕਪੂਰਥਲਾ ਨੂੰ ਮਿਲਣ ਵਾਲੇ ਵਫਦ ਵਿਚ ਸ੍ਰ. ਪਰਮਾਰ ਦੇ ਨਾਲ ਮਨੋਜ ਭਸੀਨ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁੱਗਾ ਅਤੇ ਅਮਰਜੀਤ ਸਿੰਘ ਸੈਦੋਵਾਲੀਆ ਬਲਾਕ ਪ੍ਰਧਾਨ ਕਪੂਰਥਲਾ ਦਿਹਾਤੀ ਵੀ ਸਨ। ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰ. ਹਰਜੀਤ ਸਿੰਘ ਪਰਮਾਰ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਹਨਾਂ ਪ੍ਰੀਖਿਆ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਜਾਵੇ ਕਿਉਂਕਿ ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਨੌਜਵਾਨਾਂ ਦੀ ਜਿੰਦਗੀ ਨੂੰ ਖਤਰੇ ਵਿਚ ਪਾਉਣਾ ਠੀਕ ਨਹੀਂ ਹੋਵੇਗਾ ਲੇਕਿਨ ਮੋਦੀ ਸਰਕਾਰ ਰਾਹੁਲ ਗਾਂਧੀ ਦੀ ਗੱਲ ਨੂੰ ਕੱਟਣ ਦੇ ਇੱਕੋ ਇਕ ਉਦੇਸ਼ ਦੀ ਪੂਰਤੀ ਲਈ ਪ੍ਰੀਖਿਆਵਾਂ ਸਤੰਬਰ ਮਹੀਨੇ ਵਿਚ ਹੀ ਕਰਵਾਉਣ ਦੀ ਜਿੱਦ ਤੇ ਅੜ ਗਈ ਹੈ। ਉਹਨਾਂ ਕਿਹਾ ਕਿ ਜਦੋਂ ਸੰਸਦ ਵਿਚ ਸਦਨ ਚਲਾਉਣ ਲਈ ਹਰ ਮੈਂਬਰ ਪਾਰਲੀਮੈਂਟ ਦੇ ਕੋਰੋਨਾ ਟੈਸਟ ਕਰਨ ਤੋਂ ਇਲਾਵਾ ਹੋਰ ਬਹੁਤ ਸਾਰੇ ਉੱਚ ਪੱਧਰੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕੀ ਕੇਂਦਰ ਸਰਕਾਰ ਪਾਸ ਲੱਖਾਂ ਪ੍ਰੀਖਿਆਰਥੀਆਂ ਲਈ ਵੀ ਅਜਿਹੇ ਇੰਤਜਾਮ ਹਨ? ਉਹਨਾਂ ਸਵਾਲ ਕੀਤਾ ਕਿ ਜਦੋਂ ਰਾਜ ਸਰਕਾਰਾਂ ਵਲੋਂ ਧਾਰਾ 144 ਲਾਗੂ ਕੀਤੀ ਗਈ ਹੈ ਅਤੇ ਅਨੇਕਾਂ ਤਰਾ ਦੀਆਂ ਯਾਤਾਯਾਤ ਪਾਬੰਦੀਆਂ ਹਨ ਤਾਂ ਪ੍ਰੀਖਿਆਰਥੀ ਪ੍ਰੀਖਿਆ ਕੇਂਦਰਾਂ ਤੱਕ ਕਿਸ ਤਰਾ ਪਹੁੰਚਣਗੇ। ਜੇਕਰ ਪਹੁੰਚ ਵੀ ਜਾਣ ਤਾਂ ਕੀ ਵੱਡੀ ਗਿਣਤੀ ਵਿਚ ਪ੍ਰੀਖਿਆਰਥੀਆਂ ਨੂੰ ਇਕੱਤਰ ਕਰਨਾ ਕੋਰੋਨਾ ਮਹਾਮਾਰੀ ਨੂੰ ਸੱਦਾ ਦੇਣ ਵਾਲੀ ਗੱਲ ਨਹੀਂ ਹੋਵੇਗੀ? ਕੀ ਮੋਦੀ ਸਰਕਾਰ ਗਰੰਟੀ ਦੇ ਸਕਦੀ ਹੈ ਕਿ ਇਸ ਨਾਲ ਬਿਮਾਰੀ ਹੋਰ ਨਹੀਂ ਫੈਲੇਗੀ। ਉਹਨਾਂ ਕਿਹਾ ਕਿ ਕੋਰੋਨਾ ਦੀ ਲੜਾਈ ਨੂੰ ਕਮਜੋਰ ਕਰਨ ਦੀ ਮੋਦੀ ਸਰਕਾਰ ਦੀ ਇਸ ਜਿੱਦ ਦਾ ਕਾਂਗਰਸ ਪਾਰਟੀ ਡੱਟ ਕੇ ਵਿਰੋਧ ਕਰਦੀ ਹੈ ਅਤੇ ਰਾਜਪਾਲ ਪੰਜਾਬ ਦੀ ਮਾਰਫਤ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੇ.ਈ.ਈ. ਮੇਨ ਅਤੇ ਨੀਟ ਦੀਆਂ ਪ੍ਰੀਖਿਆਵਾਂ ਨੂੰ ਅੱਗੇ ਪਾਇਆ ਜਾਵੇ।