ਜਲੰਧਰ 31 ਅਗਸਤ 2020

ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਖਾਸ ਕਰਕੇ ਬਹੁਤ ਗੰਭੀਰ ਅਤੇ ਨਾਜ਼ੁਕ ਮਰੀਜ਼ਾਂ ਦਾ ਜਲੰਧਰ ਵਿਖੇ ਅਸਰਦਾਰ ਢੰਗ ਨਾਲ ਕਲੀਨਿਕ ਪ੍ਰਬੰਧਨ ਨੂੰ ਯਕੀਨੀ ਬਣਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਣ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ (ਪੀ.ਜੀ.ਆਈ.ਐਮ.ਆਰ) ਚੰਡੀਗੜ੍ਹ ਦੇ ਦੋ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਵਿਸ਼ੇਸ਼ ਸਾਰੰਗਲ, ਜੋ ਕਿ ਕੋਵਿਡ-19 ਤੋਂ ਪ੍ਰਭਾਵਿਤ ਲੈਵਲ-3 ਦੇ ਟੈਰੇਟਰੀ ਹਸਪਤਾਲਾਂ ਦੇ ਇੰਚਾਰਜ ਵੀ ਹਨ, ਨੇ ਦੰਸਿਆ ਕਿ ਐਨਾਥੀਸੀਆ ਮੁੱਖੀ ਅਤੇ ਡੀਨ ਪੀ.ਜੀ.ਆਈ. ਪ੍ਰੋਫੈਸਰ ਜੀ.ਡੀ.ਪੂਰੀ ਅਤੇ ਐਮ.ਡੀ.ਐਨਾਥੀਸੀਆ ਅਤੇ ਐਸੋਸੀਏਟ ਪ੍ਰੋਫੈਸਰ ਡਾ.ਕਮਲ ਕਾਜਲ ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਉਣ ਲਈ ਜਲੰਧਰ ਦੇ ਡਾਕਟਰਾਂ ਨੂੰ ਮਾਰਗ ਦਰਸ਼ਨ ਪ੍ਰਦਾਨ ਕਰਨ ਲਈ 24 ਘੰਟੇ ਉਪਲਬੱਧ ਹੋਣਗੇ। ਸਾਰੰਗਲ ਨੇ ਦੱਸਿਆ ਕਿ ਇਨਾਂ ਦੋਨਾਂ ਮਾਹਿਰਾਂ ਵਲੋਂ ਜ਼ਿਲ੍ਹੇ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਗੰਭੀਰ ਮਰੀਜ਼ਾਂ ਦੇ ਕਲੀਨੀਕਲ ਪ੍ਰਬੰਧਨ ਵਿਚ ਸਹਿਯੋਗ ਦਿੱਤਾ ਜਾਵੇਗਾ, ਜੋ ਕਿ ਮੌਤ ਦਰ ਨੂੰ ਘਟਾਉਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਮਾਹਿਰਾਂ ਵਲੋਂ ਦਿੱਤੀ ਗਈ ਸਲਾਹ ਐਮਰਜੰਸੀ ਕੇਸਾਂ ਵਿੱਚ ਸੁਚਾਰੂ ਢੰਗ ਨਾਲ ਨਿਪਟਣ ਵਿਚ ਵੀ ਲਾਭਦਾਇਕ ਸਿੱਧ ਹੋਵੇਗੀ। ਸਾਰੰਗਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਵਲੋਂ ਸਟੇਟ ਹੈਲਥ ਸਲਾਹਕਾਰ ਡਾ.ਕੇ.ਕੇ.ਤਲਵਾੜ ਨੂੰ ਵੀ ਬੇਨਤੀ ਕੀਤੀ ਗਈ ਹੈ, ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ ਦੇ ਗੰਭੀਰ ਕੇਸਾਂ ਖਾਸ ਕਰਕੇ ਜਿਨ੍ਹਾਂ ਦਾ ਆਈ.ਸੀ.ਯੂ.ਵਿਖੇ ਇਲਾਜ ਚੱਲ ਰਿਹਾ ਹੈ ਦੇ ਇਲਾਜ ਵਿੱਚ ਮਦਦ ਪਹੁੰਚਾਈ ਜਾਵੇ। ਸਾਰੰਗਲ ਨੇ ਕਿਹਾ ਕਿ ਇਸ ’ਤੇ ਉਨ੍ਹਾਂ ਵਲੋਂ ਤੁਰੰਤ ਦੋ ਮਾਹਿਰਾਂ ਨੂੰ ਤਾਇਨਾਤ ਕੀਤਾ ਗਿਆ, ਜੋ ਡਾਕਟਰਾਂ ਦੀ ਮਦਦ ਲਈ 24 ਘੰਟੇ ਉਪਲਬੱਧ ਰਹਿਣਗੇ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲੰਧਰ ਵਿਖੇ ਗੰਭੀਰ ਮਰੀਜ਼ਾ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੈਵਲ-3 ਦੇ ਮਰੀਜ਼ਾਂ ਲਈ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਵਿਚ 248 ਬੈਡ ਮੌਜੂਦ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਚਾਰ ਟੀ ਜਿਵੇਂ ਕਿ ਟਰੈਕਿੰਗ, ਟਰੇਸਿੰਗ, ਟੈਸਟਿੰਗ ਅਤੇ ਟਰੀਮੈਂਟ ’ਤੇ ਕੰਮ ਕੀਤਾ ਜਾ ਰਿਹਾ ਹੈ।ਸਾਰੰਗਲ ਨੇ ਦੱਸਿਆ ਕਿ ਇਹ ਸਮੇਂ ਦੀ ਲੋੜ ਹੈ ਕਿ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜਾਰੀ ਹਦਾਇਤਾਂ ਜਿਸ ਵਿੱਚ ਮਾਸਕ ਪਾਉਣਾ, ਹੱਥ ਧੋਣੇ ਅਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਦੀ ਪਾਲਣਾ ਕਰਨ ਤੋਂ ਇਲਾਵਾ ਕੋਵਿਡ ਸਬੰਧੀ ਕੋਈ ਵੀ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।