ਜਲੰਧਰ 01 ਸਤੰਬਰ 2020

ਨੋਵੇਲ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਦੌਰਾਨ ਵੱਡੇ ਪੱਧਰ ’ਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆ ਕਰਵਾਉਣ ਅਤੇ ਅਫ਼ਵਾਹਾਂ ਤੋਂ ਬੱਚਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੇ ਜ਼ਿਲ੍ਹੇ ਵਿੱਚ ਸਮਾਜਿਕ ਇਕਜੁੱਟਤਾ ਲਈ ‘ਲੋਕ ਸਾਂਝੇਦਾਰੀ ’ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ  ਘਨਸ਼ਿਆਮ ਥੋਰੀ ਨੇ ਦੱਸਿਆ ਕਿ ‘ਲੋਕ ਸਾਂਝੀਦਾਰੀ’ ਜਾਗਰੂਕਤਾ ਮੁਹਿੰਮ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਹੀ ਜਾਣਕਾਰੀ ਦਾ ਹੇਠਲੇ ਪੱਧਰ ਤੱਕ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜਦੋਂ ਸਾਡੇ ਸਭ ਵਲੋਂ ਇਕਜੁਟ ਹੋ ਕੇ ਇਸ ਨੂੰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸ਼ਹਿਰੀ ਖੇਤਰਾਂ ਵਿੱਚ ਨਗਰ ਨਿਗਮ ਵਾਰਡਾਂ ਅਤੇ ਪੇਂਡੂ ਖੇਤਰਾਂ ਵਿੱਚ ਪਿੰਡਾਂ ਨੂੰ ਛੋਟੇੇ ਖੇਤਰਾਂ ਵਿੱਚ ਵੰਡਿਆ ਜਾਵੇਗਾ। ਥੋਰੀ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਵੱਖਰੀਆਂ ਟੀਮਾਂ ਜਿਸ ਵਿੱਚ ਮਿਊਂਸੀਪਲ ਕੌਸਲਰਾਂ, ਸਰਪੰਚਾਂ, ਡਾਕਟਰਾਂ, ਸਕੂਲ ਅਧਿਆਕਾਂ, ਨੌਜਵਾਨਾਂ ਜਾਂ ਧਾਰਮਿਕ ਆਗੂਆਂ ਨੂੰੰ ਸ਼ਾਮਿਲ ਕਰਕੇ ਵੱਖ-ਵੱਖ ਖੇਤਰਾਂ ਦੇ ਦੌਰੇ ਦੌਰਾਨ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਟੀਮਾਂ ਵਲੋਂ ਅਫਵਾਹਾਂ ਤੋਂ ਲੋਕਾਂ ਨੂੰ ਸੁਚੇਤ ਕਰਨ ਅਤੇ ਕੋਰੋਨਾ ਵਾਇਰਸ ਸਬੰਧੀ ਗਲਤ ਫਹਿਮੀਆਂ ਤੋਂ ਜਾਗਰੂਕ ਕੀਤਾ ਜਾਵੇਗਾ। ਥੋਰੀ ਨੇ ਜ਼ੋਰ ਦਿੱਤਾ ਕਿ ‘ਚੌਕਸ’ ਰਹਿਣਾ ਹੀ ਹਾਲ ਦੀ ਘੜੀ ਕੋਰੋਨਾ ਵਾਇਰਸ ਮਹਾਂਮਾਰੀ ਦੀ ਦਵਾਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕੋਵਿਡ ਦੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨ, ਕਿਸੇ ਕੋਵਿਡ ਪ੍ਰਭਾਵਿਤ ਦੇ ਸੰਪਰਕ ਵਿੱਚ ਆਉਣ ’ਤੇ ਟੈਸਟ ਕਰਵਾਉਣ ਲਈ ਅੱਗੇ ਆਉਣ ਅਤੇ ਬਜ਼ੁਰਗਾਂ ਤੇ ਹੋਰ ਦੂਸਰੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦਾ ਖਾਸ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਥੋਰੀ ਨੇ ਦੱਸਿਆ ਕਿ ਕੋਵਿਡ –19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਮਾਜਿਕ ਭਾਈਵਾਲੀ ਮਹੱਤਵਪੂਰਨ ਯੋਗਦਾਨ ਪਾਏਗੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਉਪਾਵਾਂ ਵਿੱਚ ਸਹੀ ਢੰਗ ਨਾਲ ਮਾਸਕ ਪਾਉਣਾ, 20 ਸੈਕੰਡ ਤੱਕ ਹੱਥ ਧੋਣਾ ਅਤੇ ਦੋ ਗਜ਼ ਦੀ ਦੂਰੀ ਦੀ ਪਾਲਣਾ ਕਰਨਾ ਕੋਵਿਡ-19 ਮਹਾਂਮਾਰੀ ਨੂੰ ਦੂਰ ਰੱਖਣ ਵਿੱਚ ਬਹੁਤ ਮਹੱਤਵਪੂਰਨ ਹਨ। ਥੋਰੀ ਨੇ ਦੱਸਿਆ ਕਿ ਜੁਆਇੰਟ ਕਮਿਸ਼ਨਰ ਨਗਰ ਨਿਗਮ  ਹਰਚਰਨ ਸਿੰਘ ਨਗਰ ਨਿਗਮ ਜਲੰਧਰ ਵਿਖੇ ਨੋਡਲ ਅਫ਼ਸਰ ਹੋਣਗੇ ਜਦਕਿ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ  ਦਰਬਾਰਾ ਸਿੰਘ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਮੁਹਿੰਮ ਦੀ ਅਗਵਾਈ ਕਰਨਗੇ ਅਤੇ ਸ੍ਰ੍ਰੀ ਇਕਬਾਲਪ੍ਰੀਤ ਸਿੰਘ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਜਲੰਧਰ ਪਿੰਡਾਂ ਵਿੱਚ ਟੀਮਾਂ ਦੀ ਅਗਵਾਈ ਕਰਨਗੇ। ਥੋਰੀ ਨੇ ਦੱਸਿਆ ਕਿ ਨੋਡਲ ਅਫ਼ਸਰਾਂ ਨੂੰ ‘ਲੋਕ ਸਾਂਝੇਦਾਰੀ’ ਮੁਹਿੰਮ ਤਹਿਤ ਵਿਆਪਕ ਜਾਗਰੂਕਤਾ ਪ੍ਰੋਗਰਾਮ ਲਈ ਟੀਮਾਂ ਗਠਿਤ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਥੋਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੁਕੰਮਲ ਖਾਤਮੇ ਲਈ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ।