ਜਲੰਧਰ 04 ਸਤੰਬਰ 2020

ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਪੰਜਾਬ ਵਿੱਚ ਵੱਖ-ਵੱਖ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਮਹਾਨ ਇਤਿਹਾਸ ਤੋਂ ਜਾਣੂੰ ਕਰਵਾਇਆ ਜਾ ਸਕੇ।ਇਸੇ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ  ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਕਵਿਤਾ ਮੁਕਾਬਲਿਆਂ ਵਿੱਚ ਜਲੰਧਰ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਪ੍ਰਿੰਸੀਪਲ ਮਤੀ ਪ੍ਰੇਮ ਲਤਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਦੀ ਵਿਦਿਆਰਥਣ ਰਿੰਕੂ ਨੇ ਕਵਿਤਾ ਮੁਕਾਬਲੇ ਵਿੱਚ ਇਹ ਉਪਲਬੱਧੀ ਹਾਸਲ ਕਰਕੇ ਜਲੰਧਰ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠੂ ਬਸਤੀ ਦੀ ਵਿਦਿਆਰਥਣ ਅਨੂੰ ਕੌਰ ਨੇ ਸ਼ਬਦ ਗਾਇਨ ਮੁਕਾਬਲੇ ਵਿੱਚ ਪੰਜਾਬ ਭਰ ਵਿਚੋਂ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਤਲਵੰਡੀ ਭਰੋਂ ਦੀ ਵਿਦਿਆਰਥਣ ਅਮਨਦੀਪ ਕੌਰ ਵਲੋਂ ਗੀਤ ਗਾਇਨ ਮੁਕਾਬਲੇ ਵਿੱਚ ਪੰਜਾਬ ਭਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ ਸੀ ।