ਫਗਵਾੜਾ 5 ਸਤੰਬਰ (ਸ਼ਿਵ ਕੋੜਾ) ਕਾਂਗਰਸ ਪਾਰਟੀ ਵਲੋਂ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਜੀਵਨ ਸਿੰਘ (ਭਾਈ ਜੈਤਾ) ਜੀ ਦਾ ਜਨਮ ਦਿਹਾੜਾ ਅੱਜ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਦੇ ਗ੍ਰਹਿ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸ੍ਰ. ਮਾਨ ਦੇ ਨਾਲ ਰੰਗਰੇਟਾ ਦਲ ਦੇ ਆਗੂਆਂ ਨੇ ਵੀ ਭਾਈ ਜੈਤਾ ਜੀ ਦੀ ਤਸਵੀਰ ਤੇ ਫੁੱਲਮਾਲਾਵਾਂ ਭੇਂਟ ਕੀਤੀਆਂ। ਇਸ ਮੌਕੇ ਜੋਗਿੰਦਰ ਸਿੰਘ ਮਾਨ ਨੇ ਭਾਈ ਜੈਤਾ ਜੀ ਦੇ ਇਤਿਹਾਸ ਨਾਲ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਦਸ਼ਮੇਸ਼ ਪਿਤਾ  ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸੇਵਕ ਸ਼ਹੀਦ ਬਾਬਾ ਜੀਵਨ ਸਿੰਘ ਨੌਂਵੀਂ ਪਾਤਸ਼ਾਹੀ  ਗੁਰੂ ਤੇਗ ਬਹਾਦੁਰ ਜੀ ਦੀ ਚਾਂਦਨੀ ਚੌਕ ਦਿੱਲੀ ਵਿਚ ਮੁਗਲਾਂ ਵਲੋਂ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਸੀਸ ਅਥਾਹ ਸ਼ਰਧਾ ਅਤੇ ਸਤਿਕਾਰ ਸਹਿਤਆਨੰਦਪੁਰ ਸਾਹਿਬ ਲੈ ਕੇ ਆਏ ਸੀ। ਉਹਨਾਂ ਨੂੰ ਗੁਰੂ ਮਹਾਰਾਜ ਵਲੋਂ ‘ਰੰਗਰੇਟਾ ਗੁਰੂ ਕਾ ਬੇਟਾ’ ਦੇ ਖਿਤਾਬ ਨਾਲ ਨਵਾਜਿਆ ਗਿਆ ਜੋ ਕਿ ਮਜਹਬੀ ਸਿੱਖ ਭਾਈਚਾਰੇ ਲਈ ਬਹੁਤ ਫਖ਼ਰ ਦੀ ਗੱਲ ਹੈ। ਉਨਾ ਕਿਹਾ ਕਿ ਨੌਜਵਾਨ ਪੀੜੀ ਨੂੰ ਆਪਣੇ ਮਹਾਨ ਪੁਰਖਿਆਂ ਅਤੇ ਯੋਧਿਆਂ ਦੇ ਜੀਵਨ ਤੋਂ ਸੇਧ ਲੈ ਕੇ ਹਮੇਸ਼ਾ ਦੇਸ਼ ਕੌਮ ਲਈ ਜਾਨ ਤਲੀ ਤੇ ਧਰ ਕੇ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਕ੍ਰਿਸ਼ਨ ਕੁਮਾਰ ਹੀਰੋ, ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਸਤਪਾਲ ਮੱਟੂ, ਮੋਨੂੰ ਚੌਧਰੀ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।