ਫਗਵਾੜਾ 7 ਸਤੰਬਰ (ਸ਼ਿਵ ਕੋੜਾ) ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ  ਕੇਂਦਰ ਸਰਕਾਰ ਵੱਲੋਂ ਦਲਿਤ ਅਤੇ ਗਰੀਬ ਵਿਦਿਆਰਥੀਆਂ ਦੀ ਭਲਾਈ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ  ਸਰੇਆਮ ਘੋਟਾਲਾ ਕਰਕੇ ਜਿੱਥੇ ਦਲਿਤਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ,  ਉੱਥੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਵੀ ਕੀਤਾ ਹੈ  ਜਿਸ ਨਾਲ ਦਲਿਤ ਵਿਰੋਧੀ ਅਤੇ ਘੋਟਾਲਿਆਂ ਦੀ ਮਾਂ ਹੋਣ ਦਾ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਵੀ ਸਾਹਮਣੇ ਆ ਗਿਆ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਪਾਸ਼ਟਾਂ ਮੰਡਲ ਦੇ ਪ੍ਰਧਾਨ ਅਮਿੰਰਤਪਾਲ ਸਿੰਘ ਚੀਮਾ ਪੰਡੋਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਲਿਤ ਵਿਦਿਆਰਥੀਆਂ ਦੇ ਹੱਕਾਂ ਨਾਲ ਜੋ ਖਿਲਵਾੜ ਕੀਤਾ ਗਿਆ ਹੈ,  ਉਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦਲਿਤ ਅਤੇ ਗਰੀਬ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ  ਇਸ ਮੰਤਰੀ ਨੂੰ ਤੁਰੰਤ ਹੀ ਸਰਕਾਰ ਤੋਂ ਬਰਖਾਸਤ ਕਰਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ  ਉਸਨੂੰ ਬਚਾਉਣ ਵਿੱਚ ਲੱਗੇ ਹੋਏ ਹਨ । ਉਹਨਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ  ਨੂੰ ਚਾਹੀਦਾ ਸੀ ਕੇ ਉਹ ਨਾਮਜਦ ਕੀਤੇ ਮੰਤਰੀ ਨੂੰ ਤੁਰੰਤ ਬਰਖਾਸਤ ਕਰ ਕੇ ਸੀ. ਬੀ. ਆਈ. ਦੀ ਨਿਰਪੱਖ ਜਾਂਚ ਕਰਵਾਉਂਦੇ ਲੇਕਿਨ ਉਹਨਾਂ ਨੇ ਘੋਟਾਲਾ ਕਰਨ ਵਾਲੇ ਮੰਤਰੀ ਨੂੰ ਬਰਖਾਸਤ ਕਰਨ ਦੀ ਬਜਾਏ ਜਾਂਚ ਦੇ ਨਾਂ ‘ਤੇ ਲੀਪਾਪੋਤੀ ਕਰਕੇ ਸੂਬਾ ਵਾਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕੀਤਾ ਹੈ । ਉਹਨਾਂ ਕਿਹਾ ਕਿ ਭਾਜਪਾ ਪਾਰਟੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਮਿਲਦੇ ਵਜੀਫੇ ਵਿੱਚ ਹੋਏ ਕਥਿਤ ਬਹੁ-ਕਰੋੜੀ ਵਜੀਫਾ ਘੋਟਾਲੇ ਦੇ ਮਾਮਲੇ ਵਿੱਚ ਚੁੱਪ ਨਹੀਂ ਬੈਠੇਗੀ ਅਤੇ ਦਲਿਤ ਵਿਦਿਆਰਥੀਆਂ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਭਾਜਪਾ ਵੱਲੋਂ ਇਹ ਅੰਦੋਲਨ ਤਦ ਤੱਕ ਜਾਰੀ ਰਹੇਗਾ, ਜਦ ਤੱਕ ਸਰਕਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਲਈ ਮਜ਼ਬੂਰ ਨਹੀਂ ਹੋ ਜਾਂਦੀ ਕਿਉਂਕਿ ਧਰਮਸੋਤ ਵਰਗੇ ਘੋਟਾਲੇਬਾਜ ਜਿੱਥੇ  ਦੇਸ਼ ਦੀ ਤਰੱਕੀ ਵਿੱਚ ਵੱਡੀ ਰੁਕਾਵਟ ਹਨ ਉੱਥੇ ਹੀ ਸਮਾਜ ਲਈ ਵੀ ਖਤਰਨਾਕ ਹਨ ।ਚੀਮਾ ਪੰਡੋਰੀ ਨੇ ਕਿਹਾ ਕਿ  ਉਕਤ  ਮਾਮਲੇ ‘ਤੇ ਕਾਂਗਰਸ ਹਾਈਕਮਾਨ ਦੀ ਚੁੱਪੀ ਨੇ ਵੀ  ਇਹ ਸੰਕੇਤ ਦਿੱਤਾ ਹੈ ਕਿ ਉਹ ਦਲਿਤ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਭੇਜੇ ਗਏ ਕੇਂਦਰੀ ਫੰਡਾਂ ਦੀ ਲੁੱਟ ਵਿੱਚ ਰਾਜ ਸਰਕਾਰ ਨਾਲ ਘਿਓ ਖਿਚੜੀ ਹੋਏ ਹਨ । ਅਖੀਰ ਵਿੱਚ ਉਹਨਾਂ ਨੇ ਉਕਤ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਵੀ ਕੀਤੀ