ਜਲੰਧਰ, 8 ਸਤੰਬਰ 2020
ਕੋਰੋਨਾ ਮਹਾਂਮਾਰੀ ਨੂੰ ਰੋਕਣ ‘ਚ ਆਕਸੀਮੀਟਰ ਦੀ ਅਹਿਮੀਅਤ ਦੱਸਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਡਾਕਟਰ ਆਗੂਆਂ ਨੇ ਸੂਬਾ ਸਰਕਾਰ ‘ਤੇ ਪਲਟਵਾਰ ਕੀਤਾ ਅਤੇ ਕਿਹਾ ਕਿ ਸਰਕਾਰ ਦੇ ਹੰਕਾਰੀ ਰਵੱਈਏ ਅਤੇ ਨਿਕੰਮੇ ਪ੍ਰਬੰਧਾਂ ਕਾਰਨ ਕੋਰੋਨਾ ਦਾ ਕਹਿਰ ਭਿਆਨਕ ਰੂਪ ਧਾਰ ਰਿਹਾ ਹੈ।ਵੀਰਵਾਰ ਨੂੰ ਜਲੰਧਰ ‘ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਆਗੂਆਂ ਡਾ. ਬਲਬੀਰ ਸਿੰਘ (ਪਟਿਆਲਾ), ਡਾ. ਸੰਜੀਵ ਸ਼ਰਮਾ, ਡਾ. ਸ਼ਿਵ ਦਿਆਲ ਮਾਲੀ (ਜਲੰਧਰ), ਡਾ. ਇੰਦਰਬੀਰ ਸਿੰਘ ਨਿੱਝਰ (ਅਮ੍ਰਿੰਤਸਰ), ਡਾ. ਕੇ.ਜੇ. ਸਿੰਘ (ਕਾਦੀਆਂ), ਡਾ. ਕਸ਼ਮੀਰ ਸਿੰਘ ਸੋਹਲ (ਤਰਨਤਾਰਨ) ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਹੋਰ ਕਾਂਗਰਸੀਆਂ ਵੱਲੋਂ ‘ਆਪ’ ਦੀ ਆਕਸੀਮੀਟਰ ਮੁਹਿੰਮ ਬਾਰੇ ਜਿਸ ਤਰਾਂ ਦੀਆਂ ਗੁਮਰਾਹਕੁਨ ਅਤੇ ਨਕਾਰਾਤਮਿਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇਹ ਬੇਤੁਕੀਆਂ ਅਤੇ ਬੌਖਲਾਹਟ ਭਰੀਆਂ ਹਨ, ਜਦਕਿ ਕੋਰੋਨਾ ਵਿਰੁੱਧ ਜੰਗ ‘ਚ ‘ਆਪ’ ਦੀ ਆਕਸੀਮੀਟਰ ਮੁਹਿੰਮ ਲੋਕਾਂ ਲਈ ਵਰਦਾਨ ਅਤੇ ਪੰਜਾਬ ਸਰਕਾਰ ਲਈ ਮਦਦਗਾਰ ਸਾਬਤ ਹੋਵੇਗੀ। ਦਿੱਲੀ ‘ਚ ਕੋਰੋਨਾ ਜੰਗ ਦੌਰਾਨ ਆਕਸੀਮੀਟਰਾਂ ਦੇ ਵਡਮੁੱਲੇ ਯੋਗਦਾਨ ਬਾਰੇ ਜਾਣਕਾਰੀ ਦਿੰਦੇ ਹੋਏ ‘ਆਪ’ ਦੇ ਡਾਕਟਰ ਆਗੂਆਂ ਨੇ ਇਸ ਨੂੰ ‘ਰਾਮਬਾਣ’ ਕਰਾਰ ਦਿੱਤਾ।ਇਸ ਮੌਕੇ ਡਾ. ਬਲਬੀਰ ਸਿੰਘ ਨੇ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ ਸੂਬੇ ਅੰਦਰ ਕੋਰੋਨਾ ਵਿਰੁੱਧ ਬਿਨਾ ਹਥਿਆਰਾਂ ਅਤੇ ਬਿਨਾ ਰਣਨੀਤੀ ਦੇ ਲੜਾਈ ਲੜੀ ਜਾ ਰਹੀ ਹੈ।ਲੌਕਡਾਊਨ ਦਾ ਲੰਬਾ ਸਮਾਂ ਮਿਲਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਲੋੜੀਂਦੇ ਕੋਈ ਕਦਮ ਨਹੀਂ ਉਠਾਇਆ। ਸਰਕਾਰੀ ਹਸਪਤਾਲਾਂ ਅਤੇ ਕੋਰੋਨਾ ਕੇਅਰ ਸੈਂਟਰਾਂ ਦਾ ਐਨਾ ਬੁਰਾ ਹਾਲ ਹੈ ਕਿ ਸਰਕਾਰ ਦੇ ਕੋਰੋਨਾ ਪਾਜੇਟਿਵ ਆਏ ਆਪਣੇ ਮੰਤਰੀਆਂ, ਕਾਂਗਰਸੀ ਵਿਧਾਇਕਾਂ, ਅਫ਼ਸਰਾਂ ਇੱਥੋਂ ਤੱਕ ਕਿ ਸਰਕਾਰੀ ਡਾਕਟਰ/ਵਾਇਸ ਚਾਂਸਲਰ ਨੇ ਵੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਵੱਲ ਮੂੰਹ ਨਹੀਂ ਕੀਤਾ। ਸ਼ੁਤਰਾਣਾ (ਪਟਿਆਲਾ) ਦੇ ਜਿਸ ਇੱਕ ਵਿਧਾਇਕ ਨਿਰਮਲ ਸਿੰਘ ਨੇ ਰਜਿੰਦਰਾ ਹਸਪਤਾਲ ‘ਚ ਦਾਖਲਾ ਲਿਆ ਸੀ, ਬਦਹਾਲ ਪ੍ਰਬੰਧਾਂ ਨੂੰ ਦੇਖਦਿਆਂ ਉਹ ਵੀ ਭੱਜ ਕੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਹੋ ਗਿਆ।ਡਾ. ਬਲਬੀਰ ਸਿੰਘ ਨੇ ਦਿੱਲੀ ਅਤੇ ਪੰਜਾਬ ‘ਚ ਕੋਰੋਨਾ ਕੇਸਾਂ, ਟੈੱਸਟਾਂ ਅਤੇ ਮੌਤਾਂ ਦਾ ਤੁਲਨਾਤਮਿਕ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਭਿਅੰਕਰ ਸਥਿਤੀ ਵੱਲ ਵੱਧ ਰਹੇ ਹਨ।ਡਾਕਟਰਾਂ ਨੇ ਸਰਕਾਰ ਨੂੰ ਕਿਹਾ ਕਿ ਉਹ ‘ਆਪ’ ਦੀ ਆਕਸੀਮੀਟਰ ਮੁਹਿੰਮ ਤੋਂ ਘਬਰਾਉਣ ਦੀ ਥਾਂ ਇਸ ਨੂੰ ਮਦਦ ਵਜੋਂ ਪ੍ਰਵਾਨ ਕਰਨ।’ਆਪ’ ਦੇ ਡਾਕਟਰ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ‘ਆਪ’ ਦੇ ਆਕਸੀਮੀਟਰਾਂ ਨੂੰ ਬੇਲੋੜਾ ਅਤੇ ਖ਼ਤਰੇ ਵਜੋਂ ਪੇਸ਼ ਕਰ ਰਹੀ ਹੈ। ਦੂਜੇ ਪਾਸੇ ਹੁਣ ਖ਼ੁਦ 50 ਹਜ਼ਾਰ ਆਕਸੀਮੀਟਰਾਂ ਦੀ ਖ਼ਰੀਦ ਕਰ ਰਹੀ ਹੈ।ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਆਕਸੀਮੀਟਰਾਂ ਰਾਹੀਂ ਲੋਕਾਂ ਦੀ ਆਕਸੀਜਨ ਦਾ ਪੱਧਰ ਮਾਪਣ ਵਾਲੇ ਆਕਸੀਮਿੱਤਰਾਂ (‘ਆਪ’ ਵਲੰਟੀਅਰਾਂ) ਨੂੰ ਆਕਸੀਮੀਟਰਾਂ ਦੀ ਵਰਤੋਂ ਅਤੇ ਕੋਰੋਨਾ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਾਵਧਾਨੀਆਂ ਬਾਰੇ ਸਿਖਲਾਈ ਦਿੱਤੀ ਗਈ ਹੈ।