ਫਗਵਾੜਾ 11 ਸਤੰਬਰ (ਸ਼ਿਵ ਕੋੜਾ) ਬਹੁਜਨ ਸੰਘਰਸ਼ ਆਰਗਨਾਈਜੇਸ਼ਨ ਦੇ ਆਗੂ ਅਤੇ ਸਮਾਜ ਸੇਵਕ ਰਾਜਿੰਦਰ ਘੇੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਮੁੱਦੇ ਨੂੰ ਲੈ ਕੇ ਸਿਆਸਤ ਕਰਨ ਦੀ ਬਜਾਏ ਕਾਲਜਾਂ ਅਤੇ ਯੁਨੀਵਰਸਿਟੀਆਂ ਦੀ ਬਕਾਇਆ ਰਾਸ਼ੀ ਰਿਲੀਜ਼ ਕੀਤੀ ਜਾਵੇ ਤਾਂ ਜੋ ਉਕਤ ਸਕੀਮ ਦੇ ਤਹਿਤ ਕਵਰ ਹੁੰਦੇ ਦਲਿਤ ਵਿਦਿਆਰਥੀਆਂ ਨੂੰ ਵਿਦਿਅਕ ਅਦਾਰੇ ਖੱਜਲ ਖੁਆਰ ਨਾ ਕਰਨ। ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਦੇਸ਼ ਦੇ ਭਵਿੱਕ ਨਾਲ ਖਿਲਵਾੜ ਹੈ। ਉਹਨਾਂ ਪੀ.ਐਮ.ਐਸ ਸਕੀਮ ਦੇ ਕਰੀਬ 64 ਕਰੋੜ ਦੇ ਸਾਹਮਣੇ ਆਏ ਘੋਟਾਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਇਸ ਘੋਟਾਲੇ ਵਿਚ ਦੋਸ਼ੀ ਸਾਬਤ ਹੋਣ ਵਾਲੇ ਸਰਕਾਰ ਦੇ ਮੰਤਰੀਆਂ ਅਤੇ ਸੰਤਰੀਆਂ ਦੇ ਚੋਣ ਲੜਨ ਤੇ ਪੂਰਨ ਪਾਬੰਦੀ ਲਗਾਈ ਜਾਵੇ। ਉਹਨਾਂ ਬਿਨਾਂ ਫੀਸ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਕਰਕੇ ਪ੍ਰੀਖਿਆ ਲੈਣ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਸਿਆਸੀ ਖਿੱਚੋਤਾਣ ਦੇ ਚਲਦਿਆਂ ਵਿਦਿਆਰਥੀਆਂ ਨੂੰ ਖੱਜਲ ਖੁਆਰ ਕਰਨਾ ਉਹਨਾਂ ਨਾਲ ਸਰਾਸਰ ਅਨਿਆ ਹੈ। ਇਸ ਮੌਕੇ ਧਰਮਿੰਦਰ ਭੁੱਲਾਰਾਈ ਅਤੇ ਸੰਦੀਪ ਦੀਪਾ ਆਦਿ ਵੀ ਹਾਜਰ ਸਨ।