ਜਲੰਧਰ: ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੁਆਰਾ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸਾਂ ਦੇ ਆਖਰੀ ਸਮੈਸਟਰ ਦੀਆਂ ਪ੍ਰੀਖਿਆਵਾਂ, ਜੋ ਕਿ ਕੋਵਿਡ-19 ਦੇ ਕਾਰਨ ਮੁਲਤਵੀ ਕੀਤੀਆਂ ਗਈਆਂ ਸਨ, ਹੁਣ ਮਿਤੀ 21 ਸਤੰਬਰ 2020 ਤੋਂ 7 ਅਕਤੂਬਰ 2020 ਤੱਕ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਖਤਰੇ ਦੇ ਮੱਦੇਨਜ਼ਰ ਇਹ ਪ੍ਰੀਖਿਆਵਾਂ ਆਨਲਾਈਨ ਮੋਡ ਵਿਚ ਹੋਣੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਦੌਰਾਨ ਇਕ ਦਿਨ ਵਿਚ ਦੋ-ਦੋ ਘੰਟੇ ਦੇ ਤਿੰਨ ਸੈਸ਼ਨ ਹੋਣਗੇ। ਪਹਿਲਾ ਸੈਸ਼ਨ ਸਵੇਰੇ 8:00 ਤੋਂ 10:00 ਵਜੇ ਤੱਕ, ਦੂਸਰਾ ਸੈਸ਼ਨ ਸਵੇਰੇ 11:00 ਤੋਂ ਦੁਪਹਿਰ 1:00 ਵਜੇ ਤੱਕ ਅਤੇ ਤੀਸਰਾ ਸੈਸ਼ਨ ਦੁਪਹਿਰ 2:00 ਤੋਂ 4:00 ਵਜੇ ਤੱਕ ਹੋਣਗੇ। ਇਨ੍ਹਾਂ ਪ੍ਰੀਖਿਆਵਾਂ ਨੂੰ ਅਮਲੀ ਰੂਪ ਦੇਣ ਅਤੇ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਲਜਾਂ ਦੁਆਰਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਈਮੇਲ ਆਈ.ਡੀ. ’ਤੇ ਮੇਸੇਜ਼ ਭੇਜ ਕੇ ਈਮੇਲ ਐਡਰੈਸ ਵੈਰੀਫਾਈ ਕੀਤੇ ਜਾ ਰਹੇ ਹਨ। ਇਸ ਪੂਰੀ ਪ੍ਰਕਿਰਿਆ ਦੇ ਅੰਤਰਗਤ ਵਿਦਿਆਰਥੀ ਪ੍ਰੀਖਿਆ ਤੋਂ ਘੱਟੋ ਘੱਟ ਚਾਰ ਦਿਨ ਪਹਿਲਾਂ ਕਾਲਜ ਦੁਆਰਾ ਭੇਜੇ ਗਏ ਟੈਸਟ ਈਮੇਲ ਦਾ ਜਵਾਬ ਦੇਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ’ਤੇ ਆਪਣੇ ਕਾਲਜ ਨਾਲ ਸੰਪਰਕ ਕਰਨਗੇ। ਉਨ੍ਹਾਂ ਦੱਸਿਆ ਕਿ ਕਾਲਜਾਂ ਦੁਆਰਾ ਸਭ ਤੋਂ ਪਹਿਲਾਂ ਇੱਕ ਪ੍ਰਿੰਟਿਡ ਫਾਰਮ ਵਿਦਿਆਰਥੀਆਂ ਨੂੰ ਭੇਜਿਆ ਜਾਵੇਗਾ, ਜਿਸ ਉੱਪਰ ਵਿਦਿਆਰਥੀ ਪ੍ਰੀਖਿਆ ਕੋਡ, ਵਿਸ਼ਾ ਕੋਡ, ਪ੍ਰੀਖਿਆ ਮਿਤੀ, ਰੋਲ ਨੰਬਰ, ਵਿਦਿਆਰਥੀ ਦਾ ਨਾਂ ਕਲਾਸ ਤੇ ਜਿਸ ਵਿਸ਼ੇ ਦੀ ਪ੍ਰੀਖਿਆ ਹੋਵੇਗੀ, ਉਹ ਵਿਸ਼ਾ ਲਿਖ ਕੇ ਦਸਤਖ਼ਤ ਕਰਨੇ ਹੋਣਗੇ। ਵਿਦਿਆਰਥੀਆਂ ਨੂੰ ਹਰ ਇਮਤਿਹਾਨ ਤੋਂ 15 ਮਿੰਟ ਪਹਿਲਾ ਈਮੇਲ ਰਾਹੀਂ ਪ੍ਰਸ਼ਨ ਪੱਤਰ ਪ੍ਰਾਪਤ ਹੋਵੇਗਾ। ਵਿਦਿਆਰਥੀ ਏ-4 ਆਕਾਰ ਦੀਆਂ ਸ਼ੀਟਾਂ ਉੱਪਰ ਪ੍ਰਸ਼ਨ ਦੇ ਉੱਤਰ ਲਿਖਣਗੇ। ਹਰ ਪੰਨੇ ਉੱਪਰ ਗਿਣਤੀ 1, 2, 3, 4 ਆਦਿ ਵਿਦਿਆਰਥੀ ਲਿਖਣਗੇ। ਲਿਖੇ ਗਏ ਪੇਪਰ ਦੇ ਪੰਨਿਆਂ ਦੀ ਗਿਣਤੀ 20 ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਵਿਚ ਯੂਨੀਵਰਸਿਟੀ ਦੁਆਰਾ ਵਿਦਿਆਰਥੀ ਨੂੰ ਕੁੱਲ ਚਾਰ (ਕੋਈ ਵੀ) ਪ੍ਰਸ਼ਨ ਹੱਲ ਕਰਨ ਲਈ ਕਿਹਾ ਜਾਵੇਗਾ। ਪੇਪਰ ਹੱਲ ਕਰਨ ਦਾ ਸਮਾਂ 2 ਘੰਟੇ ਹੋਵੇਗਾ। ਪੇਪਰ ਲਿਖਣ ਉਪਰੰਤ ਵਿਦਿਆਰਥੀ ਲਿਖੇ ਗਏ ਪੇਪਰਾਂ ਨੂੰ ਸਕੈਨ ਕਰਕੇ, ਜਾਂ ਫੋਟੋ ਖਿੱਚ ਕੇ ਪੀਡੀਐਫ (ਫਧਢ) ਫਾਈਲ ਤਿਆਰ ਕਰਨਗੇ। ਵਿਦਿਆਰਥੀ ਤਿਆਰ ਕੀਤੀ ਪੀਡੀਐਫ ਨੂੰ ਦਿੱਤੀ ਗਈ ਈਮੇਲ ’ਤੇ ਪ੍ਰੀਖਿਆ ਖਤਮ ਹੋਣ ਤੋਂ 30 ਮਿੰਟ ਦੇ ਅੰਦਰ-ਅੰਦਰ ਭੇਜਣਗੇ। ਉਨ੍ਹਾਂ ਦੱਸਿਆ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਤੋਂ ਲੈ ਕੇ ਹੱਲ ਕੀਤਾ ਪੇਪਰ ਵਾਪਸ ਈਮੇਲ ਰਾਹੀਂ ਕਾਲਜ ਨੂੰ ਭੇਜਣ ਤੱਕ 2 ਘੰਟੇ 45 ਮਿੰਟ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਈ-ਮੇਲ ਵਿਚ ਵਿਦਿਆਰਥੀ ਅਪਲੋਡ ਕੀਤੀਆਂ ਸ਼ੀਟਾਂ ਦੀ ਗਿਣਤੀ ਵੀ ਲਿਖਣਗੇ ਤੇ ਈਮੇਲ ਰਾਹੀਂ ਭੇਜੀਆਂ ਗਈਆਂ ਸੀਟਾਂ ਦੀ ਹਾਰਡ ਕਾਪੀ ਵਿਦਿਆਰਥੀ ਆਪਣੇ ਕੋਲ ਸੁਰੱਖਿਅਤ ਰੱਖਣਗੇ, ਜੋ ਲੋੜ ਪੈਣ ’ਤੇ ਯੂਨੀਵਰਸਿਟੀ ਮੰਗਵਾ ਸਕਦੀ ਹੈ। ਡਾ. ਸਮਰਾ ਨੇ ਦੱਸਿਆ ਕਿ ਜਿਨ੍ਹਾਂ ਵਿਸ਼ਿਆਂ ਦੀ ਪ੍ਰਯੋਗੀ ਪ੍ਰੀਖਿਆ ਹੋਣੀ ਹੈ, ਯੂਨੀਵਰਸਿਟੀ ਦੁਆਰਾ ਉਸਦੀ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ। ਨਿਸ਼ਚਿਤ ਮਿਤੀ ਅਤੇ ਸਮੇਂ ਅਨੁਸਾਰ ਸਾਰੀਆਂ ਪ੍ਰੀਖਿਆਵਾਂ ਹੋ ਜਾਣਗੀਆਂ। ਡਾ. ਸਮਰਾ ਨੇ ਦੱਸਿਆ ਕਿ ਹਰੇਕ ਕਾਲਜ ਦੁਆਰਾ ਇਨ੍ਹਾਂ ਪ੍ਰੀਖਿਆਵਾਂ ਲਈ ਪੁਖਤਾ ਇੰਤਜ਼ਾਮ ਕਰ ਲਏ ਗਏ ਹਨ। ਪ੍ਰੀਖਿਆਵਾਂ ਦੀ ਪ੍ਰਕਿਰਿਆ ਸੰਬੰਧੀ ਜੇਕਰ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ, ਤਾਂ ਉਹ ਆਪਣੇ ਕਾਲਜ ਦੇ ਪ੍ਰਿੰਸੀਪਲ ਜਾਂ ਕਾਲਜ ਦੇ ਦਫਤਰ ਵਿਖੇ ਫੋਨ ਰਾਹੀਂ ਸੰਪਰਕ ਕਰ ਸਕਦੇ ਹਨ। ਉਨ੍ਹਾਂ ਆਸ ਜਤਾਈ ਕਿ ਜਿਸ ਮਿਹਨਤ ਤੇ ਲਗਨ ਨਾਲ ਕਾਲਜ ਵਿਦਿਆਰਥੀਆਂ ਦੇ ਹਿੱਤ ਵਿਚ ਇਹ ਪ੍ਰੀਖਿਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ, ਇਹ ਪ੍ਰੀਖਿਆਵਾਂ ਨਿਰਵਿਘਨ ਸੰਪੂਰਨ ਹੋਣਗੀਆਂ। ਉਨ੍ਹਾਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਵਿਚ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ