ਫਗਵਾੜਾ 14 ਸਤੰਬਰ (ਸ਼ਿਵ ਕੋੜਾ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜਾ ਦੀ ਪ੍ਰਧਾਨਗੀ ਹੇਠ ਫਗਵਾੜਾ ਵਿਖੇ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਲਈ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਘਪਲੇਬਾਜੀ ਦੀ ਨਿਰਪੱਖ ਜਾਂਚ ਅਤੇ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਬਲਵਿੰਦਰ ਸਿੰਘ ਧਾਲੀਵਾਲ ਐਮ ਐਮ ਐਲ ਫਗਵਾੜਾ ਦੇ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਬਸਪਾ ਹਲਕਾ ਵਿਧਾਨਸਭਾ ਫਗਵਾੜਾ ਵਲੋਂ ਸ਼ਹਿਰ ਵਿਚ ਰੋਸ ਮੁਜਾਹਰਾ ਕਰਦੇ ਹੋਏ ਇਕ ਮੰਗ ਪੱਤਰ ਰਾਜਪਾਲ ਪੰਜਾਬ ਦੇ ਨਾਮ ਏ.ਡੀ.ਸੀ. ਰਾਜੀਵ ਵਰਮਾ ਨੂੰ ਦਿੱਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਪੰਜਾਬ ਦੇ ਵਧੀਕ ਚੀਫ ਸਕੱਤਰ ਕ੍ਰਿਪਾ ਸ਼ੰਕਰ ਸਰੋਜ ਵਲੋਂ ਚੀਫ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਨੂੰ ਸੌਂਪੀ ਰਿਪੋਰਟ ਵਿਚ ਸਮਾਜਿਕ ਨਿਆ ਸਸ਼ਕਤੀਕਰਣ ਅਤੇ ਘੱਟ ਗਿਣਤੀਆਂ ਵਿਭਾਗ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਉੱਪਰ ਵਿਭਾਗ ਦੇ ਡਾਇਰੈਕਟੋਰੇਟ ਦੇ ਕੁੱਝ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਕਰੀਬ 64 ਕਰੋੜ ਰੁਪਏ ਦਾ ਘਪਲਾ ਕਰਨ ਦੀ ਗੱਲ ਕਹੀ ਹੈ। ਉਹਨਾਂ ਦੱਸਿਆ ਕਿ ਰਿਪੋਰਟ ਅਨੁਸਾਰ ਕੁੱਝ ਅਜਿਹੀਆਂ ਸੰਸਥਾਵਾਂ ਨੂੰ ਪੈਸਾ ਜਾਰੀ ਕੀਤਾ ਗਿਆ ਹੈ ਜੋ ਕਿ ਵਜੂਦ ਵਿਚ ਹੀ ਨਹੀਂ ਹਨ। ਉਹਨਾਂ ਮੰਤਰੀ ਧਰਮਸੋਤ ਅਤੇ ਵਿਭਾਗ ਦੇ ਵੱਡੇ ਅਧਿਕਾਰੀਆਂ ਉੱਪਰ ਐਸ.ਸੀ./ਬੀ.ਸੀ. ਵਿਦਿਆਰਥੀਆਂ ਦੇ ਹੱਕਾਂ ‘ਤੇ ਡਾਕਾ ਮਾਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੀ.ਐਮ.ਐਸ. ਸਕੀਮ ਦੇ ਲਾਭਪਾਤਰੀ ਵਿਦਿਆਰਥੀਆਂ ਦੇ ਹੱਕਾਂ ਤੇ ਡਾਕਾ ਬਸਪਾ ਬਰਦਾਸ਼ਤ ਨਹੀਂ ਕਰੇਗੀ। ਇਸ ਸਕੀਮ ਦਾ ਚਾਰ ਸਾਲ ਦੇ 1900 ਕਰੋੜ ਰੁਪਏ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਵੱਲ ਬਕਾਇਆ ਹਨ, ਜਿਸ ਕਰਕੇ ਵਿਦਿਆਰਥੀਆਂ ਦੀਆਂ ਡਿਗਰੀਆਂ ਅਤੇ ਸਰਟੀਫਿਕੇਟ ਕਾਲਜਾਂ/ਯੁਨੀਵਰਸਿਟੀਆਂ ਵਲੋਂ ਜਾਰੀ ਨਹੀਂ ਕੀਤੇ ਗਏ। ਇਸ ਤੋਂ ਇਲਾਵਾ 1.20 ਲੱਖ ਦੇ ਕਰੀਬ ਵਿਦਿਆਰਥੀ ਜੋ ਮੈਰਿਟ ਨੰਬਰਾਂ ਨਾਲ ਪ੍ਰੀਖਿਆ ਪਾਸ ਕਰਨ ਦੇ ਬਾਵਜੂਦ ਅਗਲੀਆਂ ਕਲਾਸਾਂ ਵਿਚ ਦਾਖਲਾ ਲੈਣ ਤੋਂ ਵਾਂਝੇ ਹਨ। ਉਹਨਾਂ ਦੱਸਿਆ ਕਿ ਮੰਗ ਪੱਤਰ ਵਿਚ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰਨ, ਘਪਲੇ ਦੇ ਸਮੇਂ ਤੋਂ ਪਹਿਲਾਂ ਦਾ ਸਕਾਲਰਸ਼ਿਪ ਦੀ ਰਕਮ ਦਾ ਆਡਿਟ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣ, ਘਪਲੇ ਦੀ ਜਾਂਚ ਡੀ.ਆਈ.ਜੀ. ਰੈਂਕ ਦੇ ਘੱਟ ਤੋਂ ਘੱਟ ਚਾਰ ਅਧਿਕਾਰੀਆਂ ਦੇ ਪੈਨਲ ਤੋਂ ਕਰਵਾਉਣ ਦੀ ਮੰਗ ਪ੍ਰਮੁੱਖ ਤੌਰ ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਲਈ ਲਾਗੂ ਸਾਰੀਆਂ ਸਕੀਮਾਂ ਦਾ ਮੁਕੱਮਲ ਆਡਿਟ ਕਰਵਾ ਕੇ ਜਨਤਕ ਕਰਨ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸਾਰੀ ਬਕਾਇਆ ਰਾਸ਼ੀ ਜਾਰੀ ਕਰਨ, ਇਸ ਸਕੀਮ ਦੇ ਲਾਭਪਾਤਰੀ ਵਿਦਿਆਰਥੀਆਂ ਦੇ ਬਿਨਾਂ ਫੀਸ ਅਦਾਇਗੀ ਦਾਖਲੇ ਮੁੜ ਲਾਗੂ ਕਰਨ, ਰੋਕੇ ਗਏ ਸਰਟੀਫਿਕੇਟ ਤੇ ਡਿਗਰੀਆਂ ਨੂੰ ਤੁਰੰਤ ਜਾਰੀ ਕਰਵਾਉਣ ਦੀ ਮੰਗ ਸ਼ਾਮਲ ਹੈ। ਬਸਪਾ ਆਗੂਆਂ ਨੇ ਇਹ ਮੰਗ ਵੀ ਕੀਤੀ ਹੈ ਕਿ ਭਵਿੱਖ ਵਿਚ ਅਜਿਹੇ ਘਪਲਿਆਂ ਨੂੰ ਰੋਕਣ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇ ਜੋ ਕਿ ਦਲਿਤ ਵਰਗਾਂ ਦੀ ਭਲਾਈ ਲਈ ਲਾਗੂ ਸਕੀਮਾ ਉੱਪਰ ਨਜ਼ਰ ਰੱਖ ਸਕੇ। ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਨਾਲ ਇਕਜੁਟਤਾ ਦਰਸਾਉਂਦੇ ਹੋਏ ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਆਰਡੀਨੈਂਸ ਰੱਦ ਕਰਕੇ ਫਸਲਾਂ ਦਾ ਐਮ.ਐਸ.ਪੀ. ਜਾਰੀ ਰੱਖਣ ਦੀ ਮੰਗ ਵੀ ਜੋਰ ਦੇ ਕੇ ਕੀਤੀ। ਇਸ ਮੌਕੇ ਬਸਪਾ ਦੇ ਸੂਬਾ ਸਕੱਤਰ ਨਛੱਤਰ ਪਾਲ, ਰਮੇਸ਼ ਕੌਲ, ਰਣਜੀਤ ਕੁਮਾਰ, ਬਲਵਿੰਦਰ ਕੁਮਾਰ ਤੋਂ ਇਲਾਵਾ ਰਾਜਾ ਰਜਿੰਦਰ ਸਿੰਘ, ਹਰਜੀਤ ਸਿੰਘ ਲੋਂਗੀਆ ਵਾਇਸ ਪ੍ਰਧਾਨ, ਜੋਨ ਇੰਚਾਰਜ ਪਰਵੀਨ ਬੰਗਾ, ਮਾਸਟਰ ਹਰਭਜਨ ਬਲਾਲੋਂ, ਪਰਮਜੀਤ ਮੱਲ, ਤਰਸੇਮ ਡੋਲਾ, ਜਿਲਾ ਪ੍ਰਧਾਨ ਰਕੇਸ਼ ਦਾਤਾਰ, ਹਲਕਾ ਇੰਚਾਰਜ ਮਨੋਹਰ ਲਾਲ ਜੱਖੂ, ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ, ਹਰਭਜਨ ਖਲਵਾੜਾ, ਪ੍ਰਦੀਪ ਮੱਲ, ਬਲਵਿੰਦਰ ਬੋਧ, ਮੈਡਮ ਸੀਮਾ ਰਾਣੀ, ਪੁਸ਼ਪਿੰਦਰ ਕੌਰ, ਭਾਵਨਾ ਦੇਵੀ, ਗੁਰਮੀਤ ਸੁੰਨੜਾ, ਅਮਰਜੀਤ ਖੁੱਤਣ ਸਮੇਤ ਸੈਂਕੜੇ ਬਸਪਾ ਵਰਕਰ ਹਾਜਰ ਸਨ।