ਅੰਮ੍ਰਿਤਸਰ,16 ਸਤੰਬਰ ( )- ਆਪਣੇ ਕਾਰਨਾਮਿਆਂ ਕਾਰਨ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੇ ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਮੁੱਖ ਅਧਿਕਾਰੀ ਜ਼ਿਲ੍ਹਾ ਸਿੱਖਿਆ ਅਫਸਰ ਤੇ ਉਸ ਦੇ ਕੁਝ ਕੰਮਚੋਰ ਕਰਮਚਾਰੀਆਂ ਦੀ ਹੁਣ ਖੈਰ ਨਹੀਂ ਜਾਪ ਰਹੀ ਕਿਉਂਕਿ ਐਲੀਮੈਂਟਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ ਯੂਨੀਅਨ ਰਜਿ.ਜੋ ਅਧਿਆਪਕਾਂ ਦੀਆਂ ਤਰੱਕੀਆਂ ਦੇ ਮਸਲੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੀ ਹੋਈ ਹੈ ਨੇ ਹੁਣ ਉਕਤ ਲਾਪ੍ਰਵਾਹ ਤੇ ਬੇਈਮਾਨ ਅਧਿਕਾਰੀਆਂ ਦਾ ਕੱਚਾ ਚਿੱਠਾ ਚੁਰਾਹੇ ‘ਚ ਭੰਨਣ ਲਈ ਸਖਤ ਗੁਪਤ ਐਕਸ਼ਨ ਕਰਨ ਦਾ ਫੈਸਲਾ ਲਿਆ ਹ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਮੁਸ਼ਕਿਲ ਦੌਰ ਵਿੱਚ ਵੀ ਸਰਕਾਰੀ ਸਕੂਲਾਂ ਦੇ ਪ੍ਰਬੰਧਾਂ ਨੂੰ ਸਹੀ ਕਰਵਾ ਕਰਵਾ ਕੇ ਇਨ੍ਹਾਂ ਅੰਦਰ ਪੜ੍ਹਨ ਵਾਲੇ ਗਰੀਬ ਬੱਚਿਆਂ ਨੂੰ ਇਨਸਾਫ ਦਿਵਾਉਣ ਤੇ ਅਧਿਆਪਕਾਂ ਦੇ ਹੋ ਰਹੇ ਵੱਡੇ ਨੁਕਸਾਨ ਨੂੰ ਵੇਖਦਿਆਂ ਹੋਇਆ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਰੱਖ ਕੇ ਸੰਘਰਸ਼ ਕਰ ਰਹੀ ਈ.ਟੀ.ਯੂ. ਨੇ ਹੁਣ ਉਕਤ ਅਧਿਕਾਰੀਆਂ ਦਾ ਕੱਚਾ ਚਿੱਠਾ ਚੁਰਾਹੇ ਵਿੱਚ ਭੰਨਣ ਦਾ ਫ਼ੈਸਲਾ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਈ.ਟੀ.ਯੂ.ਦੇ ਪ੍ਰਮੁੱਖ ਆਗੂ ਹਰਜਿੰਦਰਪਾਲ ਸਿੰਘ ਪੰਨੂੰ,ਗੁਰਿੰਦਰ ਸਿੰਘ ਘੁੱਕੇਵਾਲੀ,ਸਤਬੀਰ ਸਿੰਘ ਬੋਪਾਰਾਏ,ਸੁਧੀਰ ਢੰਡ,ਜਤਿੰਦਰਪਾਲ ਸਿੰਘ ਰੰਧਾਵਾ ਆਦਿ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਕੁਝ ਅਧਿਕਾਰੀ ਤੇ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਸਰਕਾਰ ਕੋਲੋਂ ਲੱਖਾਂ ਰੁਪਏ ਤਨਖਾਹ ਦੇ ਰੂਪ ਵਿੱਚ ਲੈ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਆਪਣੀ ਸੀਟ ਦਾ ਇੱਕ ਨਿਗੂਣਾ ਕੰਮ ਵੀ ਨੇਪਰੇ ਨਹੀਂ ਚੜ੍ਹਾਇਆ ਗਿਆ। ਉਨ੍ਹਾਂ ਦੱਸਿਆ ਕਿ ਜੋ ਅਧਿਕਾਰੀ ਜਾਂ ਕਰਮਚਾਰੀ ਤਰੱਕੀਆਂ ਨਾਲ ਸਬੰਧਤ ਇੱਕ ਮਾਮੂਲੀ ਰੋਸਟਰ ਰਜਿਸਟਰ ਹੀ ਨਹੀਂ ਤਿਆਰ ਕਰ ਸਕਦਾ ਤਾਂ ਉਸ ਦਾ ਨੌਕਰੀ ਤੇ ਬਣਿਆ ਰਹਿਣਾ ਕਿੰਨਾ ਕੁ ਜਾਇਜ਼ ਹੈ ? ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਹੁਣ ਇਹ ਪੱਕਾ ਨਿਸ਼ਚਾ ਕਰ ਲਿਆ ਹੈ ਕਿ ਉਹ ਤਰੱਕੀਆਂ ਦਾ ਮਸਲਾ ਹੱਲ ਕਰਵਾ ਕੇ ਜਾਂ ਦੋਸ਼ੀ ਕਰਮਚਾਰੀਆਂ ਨੂੰ ਨੌਕਰੀ ਤੋਂ ਮੁਅੱਤਲ ਕਰਵਾ ਕੇ ਹੀ ਸਾਹ ਲੈਣਗੇ ਬੇਸ਼ੱਕ ਇਸ ਲਈ ਉਨ੍ਹਾਂ ਨੂੰ ਕਿੰਨੀ ਵੀ ਵੱਡੀ ਲੜਾਈ ਕਿਉਂ ਨਾ ਲੜਨੀ ਪਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਅਧਿਆਪਕਾਂ ਦੇ ਮਨਾਂ ਅੰਦਰ ਇਸ ਵੇਲੇ ਜ਼ਿਲਾ ਸਿੱਖਿਆ ਦਫਤਰ ਖਿਲਾਫ਼ ਏਨਾਂ ਵੱਡਾ ਗੁੱਸਾ ਹੈ ਕਿ ਉਹ ਹੁਣ ਆਪਣੇ ਸੰਘਰਸ਼ ਦੌਰਾਨ ਜੇਲ੍ਹ ਜਾਣ ਜਾਂ ਪਰਚੇ ਹੋਣ ਤੋਂ ਵੀ ਨਹੀਂ ਡਰਨਗੇ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਈ.ਟੀ.ਯੂ. ਨੇ ਗੁਪਤ ਮੀਟਿੰਗ ਕਰਕੇ ਇਹ ਫ਼ੈਸਲਾ ਲੈ ਲਿਆ ਹੈ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਸਬੰਧਤ ਕਰਮਚਾਰੀਆਂ ਖਿਲਾਫ ਹੁਣ ਸਖਤ ਗੁਪਤ ਐਕਸ਼ਨ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਈ. ਟੀ.ਯੂ. ਦਾ ਇਹ ਇਤਿਹਾਸ ਰਿਹਾ ਹੈ ਕਿ ਉਹ ਆਪਣੇ ਵਰਗ ਲਈ ਹਮੇਸ਼ਾ ਹੀ ਵੱਡੀ ਲੜਾਈ ਲੜ ਕੇ ਆਪਣੇ ਹੱਕ ਪ੍ਰਾਪਤ ਕਰਦੀ ਰਹੀ ਹੈ ਬੇਸ਼ੱਕ ਇਸ ਲਈ ਕਿੰਨੀ ਵੱਡੀ ਕੁਰਬਾਨੀ ਹੀ ਕਿਉਂ ਨਾ ਦੇਣੀ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਗੰਭੀਰ ਮਸਲੇ ਲਈ ਦੋਸ਼ੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਰਵੱਈਏ ਸਬੰਧੀ ਅਤੇ ਜਥੇਬੰਦੀ ਵੱਲੋਂ ਲੜੇ ਜਾ ਰਹੇ ਸੰਘਰਸ਼ ਸਬੰਧੀ ਈ.ਟੀ.ਯੂ. ਨੇ ਸਿੱਖਿਆ ਮੰਤਰੀ ਪੰਜਾਬ,ਸਿੱਖਿਆ ਸਕੱਤਰ ਪੰਜਾਬ ਅਤੇ ਡੀ.ਪੀ.ਆਈ. ਸਮੇਤ ਸਾਰੇ ਹੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਇਸ ਮਸਲੇ ‘ਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰ ਤੇ ਉਸ ਦੇ ਕੁਝ ਕਰਮਚਾਰੀਆਂ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਜ਼ਿਲ੍ਹੇ ਅੰਦਰ ਅਧਿਆਪਕਾਂ ਦੀਆਂ ਤਰੱਕੀਆਂ ਨਾਲ ਸਬੰਧਤ ਰੋਸਟਰ ਰਜਿਸਟਰ ਨੂੰ ਪਿਛਲੇ ਕਈ ਸਾਲਾਂ ਤੋਂ ਮੁਕੰਮਲ ਨਾ ਕਰਨ ਕਰਕੇ ਸਰਹੱਦੀ ਜ਼ਿਲ੍ਹੇ ਅੰਦਰ ਇਸ ਵੇਲੇ 200 ਤੋਂ ਵਧੇਰੇ ਸਕੂਲ ਮੁੱਖ ਅਧਿਆਪਕ ਅਤੇ ਸੈਂਟਰ ਮੁੱਖ ਅਧਿਆਪਕ ਤੋਂ ਵਾਂਝੇ ਚੱਲ ਰਹੇ ਹਨ। ਪ੍ਰਬੰਧਕੀ ਪੋਸਟ ਖਾਲੀ ਹੋਣ ਕਾਰਨ ਜਿੱਥੇ ਸਰਕਾਰੀ ਸਕੂਲਾਂ ਅੰਦਰ ਪ੍ਰਬੰਧਾਂ ਦੀ ਘਾਟ ਰਹਿਣ ਕਾਰਨ ਸਰਕਾਰੀ ਸਕੂਲਾਂ ਚ ਪੜ੍ਹਨ ਵਾਲੇ ਗਰੀਬ ਪਰਿਵਾਰਾਂ ਦੇ ਬੇਕਸੂਰ ਬੱਚਿਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਉਥੇ ਹੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਸੁਧਾਰ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫ਼ੂਕ ਨਿਕਲਦੀ ਵੀ ਸਾਫ ਵਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਉਕਤ ਅਧਿਕਾਰੀਆਂ ਵੱਲੋਂ ਤਰੱਕੀਆਂ ਦੇ ਮਸਲੇ ਨੂੰ ਲੈ ਕੇ ਆਏ ਦਿਨ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਅਧਿਆਪਕ ਜਥੇਬੰਦੀਆਂ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਸਾਹਮਣੇ ਚੱਲ ਰਹੇ ਸੰਘਰਸ਼ ਤਹਿਤ ਅੱਜ 22 ਵੇੰ ਦਿਨ ਭੁੱਖ ਹੜਤਾਲ ਤੇ ਬੈਠੇ ਦਿਲਬਾਗ ਸਿੰਘ ਬਾਜਵਾ,ਦਲਜੀਤ ਸਿੰਘ ਬੱਲ,ਸ਼ਮਸੇਰ ਸਿੰਘ,ਨਿਸ਼ਾਨਜੀਤ ਸਿੰਘ,ਗੁਰਿੰਦਰਜੀਤ ਸਿੰਘ,ਜਗਦੇਵ ਸਿੰਘ,ਰਣਜੀਤ ਸਿੰਘ, ਗੁਰਮੀਤ ਸਿੰਘ ਆਦਿ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਸਬੰਧਤ ਕਰਮਚਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ।