ਫਗਵਾੜਾ 17 ਸਤੰਬਰ (ਸ਼ਿਵ ਕੋੜਾ) ਜਿਲਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਨੇ ਦੱਸਿਆ ਕਿ ਯੂਥ ਕਾਂਗਰਸ ਵਲੋਂ ਪੰਜਾਬ ਪ੍ਰਧਾਨ ਸ੍ਰ. ਬਰਿੰਦਰ ਢਿੱਲੋਂ ਦੀ ਅਗਵਾਈ ਹੇਠ 20 ਸਤੰਬਰ ਨੂੰ ਕਿਸਾਨਾ ਦੇ ਹੱਕ ਵਿਚ ਦਿੱਲੀ ਵਿਖੇ ਵਿਸ਼ਾਲ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਪੰਜਾਬ ਭਰ ਤੋਂ ਪੰਜ-ਛੇ ਸੌ ਟਰੈਕਟਰਾਂ ਦਾ ਕਾਫਲਾ ਦਿੱਲੀ ਪਹੁੰਚੇਗਾ। ਬੀਤੇ ਦਿਨ ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਸ੍ਰ. ਬਰਿੰਦਰ ਢਿੱਲੋਂ ਨਾਲ ਮੀਟਿੰਗ ਵਿਚ ਟਰੈਕਟਰ ਰੈਲੀ ਦੀ ਰੂਪ ਰੇਖਾ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਲਾ ਕਪੂਰਥਲਾ ਤੋਂ ਯੂਥ ਕਾਂਗਰਸ ਵਰਕਰਾਂ ਦਾ ਵੱਡਾ ਕਾਫਿਲਾ ਇਸ ਟਰੈਕਟਰ ਰੈਲੀ ਵਿਚ ਸ਼ਾਮਲ ਹੋਵੇਗਾ ਅਤੇ ਯੂਥ ਕਾਂਗਰਸ ਦੀ ਇਹ ਟਰੈਕਟਰ ਰੈਲੀ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਮਜਬੂਰ ਕਰ ਦੇਵੇਗੀ। ਸੌਰਵ ਖੁੱਲਰ ਨੇ ਕਿਹਾ ਕਿ ਯੂਥ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਿਸਾਨਾ ਦੀ ਇਸ ਲੜਾਈ ਵਿਚ ਡਟ ਕੇ ਸਾਥ ਦੇਵੇਗੀ। ਕਿਸਾਨਾ ਨਾਲ ਕਿਸੇ ਤਰਾ ਤਰਾ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੋਦੀ ਸਰਕਾਰ ਖੇਤੀ ਆਰਡੀਨੈਂਸਾ ਰਾਹੀਂ ਪੰਜਾਬ ਦੇ ਕਿਸਾਨ ਅਤੇ ਕਿਸਾਨੀ ਨੂੰ ਤਾਂ ਬਰਬਾਦ ਕਰਨਾ ਹੀ ਚਾਹੁੰਦੀ ਹੈ ਨਾਲ ਹੀ ਮੰਡੀਆਂ ਦਾ ਵੀ ਖਾਤਮਾ ਕਰ ਦੇਵੇਗੀ ਜਿਸ ਨਾਲ ਆੜਤੀ, ਮੁਨੀਮ ਤੇ ਮੰਡੀ ਮਜਦੂਰ ਬੇਰੁਜਗਾਰ ਹੋ ਜਾਣਗੇ। ਕੇਂਦਰ ਦੇ ਇਹ ਆਰਡੀਨੈਂਸ ਪੰਜਾਬ ਦੀ ਆਰਥਕਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਸਿੱਧ ਹੋਣਗੇ ਇਸ ਲਈ ਯੂਥ ਕਾਂਗਰਸ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾ ਦੇ ਖਿਲਾਫ ਜਿਸ ਹੱਦ ਤਕ ਜਰੂਰੀ ਹੋਇਆ ਸੰਘਰਸ਼ ਕਰੇਗੀ। ਇਸ ਮੌਕੇ ਉਹਨਾਂ ਦੇ ਨਾਲ ਤਰਨ ਨਾਮਧਾਰੀ ਮੌਲਾ ਸ਼ੇਰਗਿਲ ਅਤੇ ਹਰਜਿੰਦਰ ਬਸਰਾ ਵੀ ਮੌਜੂਦ ਸਨ।