ਜਲੰਧਰ, 17 ਸਤੰਬਰ

ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀਡੀਪੀਓ) ਲੋਹੀਆਂ ਖਾਸ ਦੇ ਦਫ਼ਤਰ ਵਿਖੇ ਵੀਰਵਾਰ ਨੂੰ ਲਗਾਏ ਗਏ ਰੋਜ਼ਗਾਰ ਮੇਲੇ ਵਿੱਚ 132 ਬੇਰੋਜ਼ਗਾਰ ਨੌਜਵਾਨ ਰੋਜ਼ਗਾਰ ਹਾਸਲ ਕਰਨ ਵਿੱਚ ਸਫਲ ਰਹੇ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਜਿਥੇ 164 ਬੇਰੋਜ਼ਗਾਰ ਨੌਜਵਾਨਾਂ ਨੇ ਹਿੱਸਾ ਲਿਆ ਉਥੇ ਪੁਖਰਾਜ ਹੈਲਥ ਕੇਅਰ, ਸਟਾਰ ਹੈਲਥ ਕੇਅਰ, ਯੂਨੀਵਰਸਲ ਇੰਡਸਟਰੀਜ਼, ਲਾਈਫ ਇੰਸ਼ੋਰੈਂਸ ਲਿਮੀਟਿਡ ਅਤੇ ਨਾਰਾਇਣ ਹਰਬਲਜ਼ ਕੰਪਨੀਆਂ ਨੇ ਨਿਜੀ ਅਤੇ ਆਨਲਾਈਨ ਜ਼ਰੀਏ ਰੋਜ਼ਗਾਰ ਮੇਲੇ ਵਿੱਚ ਸ਼ਿਰਕਤ ਕਰਦਿਆਂ 132 ਬੇਰੋਜ਼ਗਾਰ ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ ਕੀਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੇ ਰੋਜ਼ਗਾਰ ਮੇਲੇ ਸਤੰਬਰ ਦੇ ਪੂਰੇ ਮਹੀਨੇ ਲਗਾਏ ਜਾਣਗੇ, ਜਿਸ ਵਿੱਚ ਭਾਗ ਲੈਣ ਵਾਲਿਆਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਰੋਜ਼ਗਾਰ ਮੇਲੇ ਨੌਜਵਾਨਾਂ ਦੀ ਤਕਦੀਰ ਬਦਲਣ ਵਿੱਚ ਸਹਾਇਕ ਸਾਬਿਤ ਹੋ ਰਹੇ ਹਨ।       ਇਨ੍ਹਾਂ ਮੇਲਿਆਂ ਰਾਹੀਂ ਰੋਜ਼ਗਾਰ ਹਾਸਲ ਕਰਨ ਵਾਲੇ ਨੌਜਵਾਨ ਰਾਜ ਦੇ ਆਰਥਿਕ-ਸਮਾਜਿਕ ਵਿਕਾਸ ਵਿੱਚ ਹਿੱਸੇਦਾਰ ਬਣਨਗੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸਲ ਵਿੱਚ ਰੋਜ਼ਗਾਰ ਮੇਲੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ੀ-ਰੋਟੀ ਮੁਹੱਈਆ ਕਰਵਾਉਣ ਦੀ ਨਿਵੇਕਲੀ ਪਹਿਲਕਦਮੀ ਹਨ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲਿਆਂ ਦੌਰਾਨ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਜਾਰੀ ਸੁਰੱਖਿਆ ਮਾਪਦੰਡਾ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ, ਜਿਸ ਤਹਿਤ ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣਾ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਨੌਕਰੀਆਂ ਲਈ ਨੌਜਵਾਨਾਂ ਦੀ ਚੋਣ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਪੂਰੀ ਤਰ੍ਹਾਂ ਮੈਰਿਟ ‘ਤੇ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਬੀਡੀਪੀਓ ਦਫ਼ਤਰ ਜਲੰਧਰ ਪੱਛਮੀ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਦੇ ਦਫ਼ਤਰ ਵਿਖੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਵਿੱਚ ਨਾਮੀ ਕੰਪਨੀਆਂ ਭਾਗ ਲੈਣਗੀਆਂ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੀਆਂ। ਉਨ੍ਹਾਂ ਨੌਜਵਾਨਾਂ ਨੂੰ www.pgrkam.com ‘ਤੇ ਰਜਿਸਟਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਵਧੇਰੇ ਜਾਣਕਾਰੀ ਲਈ 90569-20100 ‘ਤੇ ਵੀ ਸੰਪਰਕ ਕਰ ਸਕਦੇ ਹਨ।