ਫਗਵਾੜਾ 18 ਸਤੰਬਰ (ਸ਼ਿਵ ਕੋੜਾ) ਲੋਕ ਇਨਸਾਫ ਪਾਰਟੀ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਮੋਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਮਹਿਕਮੇ ਦੇ ਅਧਿਕਾਰੀਆਂ ਵਲੋਂ ਆਪਸੀ ਮਿਲੀਭੁਗਤ ਨਾਲ ਕੀਤੇ ਬਹੁ ਕਰੋੜੀ ਘੋਟਾਲੇ ਨੂੰ ਲੈ ਕੇ  ਖੁਰਾਲਗੜ ਸਾਹਿਬ ਤੋਂ ਸ਼ੁਰੂ ਹੋ ਕੇ ਸਬ ਡਵੀਜਨ ਫਗਵਾੜਾ ਦੇ ਪਿੰਡ ਢੱਕ ਪੰਡੋਰੀ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਤਿੰਨ ਟਾਇਰ, ਦੋ ਪੈਰ, ਸਾਧੂ ਤੇਰੀ ਖੈਰ ਹੇਠ ਸ਼ੁਰੂ ਕੀਤੀ ਗਈ ਦਲਿਤ ਵਿਦਿਆਰਥੀ ਬਚਾਓ ਯਾਤਰਾ ਦਾ ਮਕਸਦ ਸੂਬੇ ਦੀ ਮੋਜੂਦਾ ਕਾਂਗਰਸ ਸਰਕਾਰ ਤੇ ਦਬਾਅ ਬਣਾ ਕੇ ਭ੍ਰਿਸ਼ਟਾਚਾਰੀ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰਵਾਉਣ ਅਤੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਲਈ ਸਰਕਾਰ ਨੂੰ ਮਜਬੂਰ ਕਰਨਾ ਹੈ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਭੇਜੀ ਜਾ ਚੁੱਕੀ ਵਜੀਫੇ ਦੀ 310 ਕਰੋੜ ਰੁਪਏ ਦੀ ਰਕਮ ਨੂੰ ਤੁਰੰਤ ਜਾਰੀ ਕੀਤਾ ਜਾਵੇ। ਉਹਨਾਂ ਕਿਹਾ ਕਿ ਸਰਕਾਰ ਦੇ ਜਬਰ ਜੁਲਮ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਦੇ ਹਿਤਾਂ ਦੀ ਰਾਖੀ ਲਈ ਹਰ ਪੱਧਰ ਤੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਭ੍ਰਿਸ਼ਟਾਚਾਰੀ ਕੈਪਟਨ ਸਰਕਾਰ ਦੀਆਂ ਜੜਾਂ ਪੁੱਟਣ ਲਈ ਲੋਕ ਇਕਜੁਟ ਹੋ ਕੇ ਲੋਕ ਇੰਨਸਾਫ ਪਾਰਟੀ ਦਾ ਸਾਥ ਦੇਣ ਤਾਂ ਜੋ ਅਗਲੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਸਾਫ ਸੁਥਰਾ ਸ਼ਾਸਨ ਪ੍ਰਬੰਧ ਸਥਾਪਤ ਕੀਤਾ ਜਾ ਸਕੇ। ਇਸ ਦੌਰਾਨ ਸੰਬੋਧਨ ਕਰਦਿਆਂ ਜਰਨੈਲ ਨੰਗਲ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਦਲਿਤ ਵਿਦਿਆਰਥੀਆਂ ਨੂੰ ਸਰਕਾਰਾਂ ਅਤੇ ਕਾਲਜ ਪ੍ਰਬੰਧਕਾਂ ਦੀ ਬੇਰੁਖੀ ਕਰਕੇ ਬਹੁਤ ਪਰੇਸ਼ਾਨ ਹੋਣਾ ਪੈ ਰਿਹਾ ਹੈ। ਬਹੁਤ ਸਾਰੇ ਵਿਦਿਆਰਥੀ ਤਾਂ ਪੜਾਈ ਵਿਚਕਾਰ ਹੀ ਛੱਡ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਲਿਤਾਂ ਦਾ ਮਸੀਹਾ ਬਣਨ ਦਾ ਢੋਂਗ ਕਰਦੀ ਹੈ ਜਦਕਿ ਹਕੀਕਤ ਇਹ ਹੈ ਕਿ ਕਾਂਗਰਸ ਨੇ ਹਮੇਸ਼ਾ ਹੀ ਦਲਿਤਾਂ ਦੇ ਹਕ ਤੇ ਡਾਕਾ ਮਾਰਿਆ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਵਲੋਂ ਇਸ ਯਾਤਰਾ ਵਿਚ ਵਿਘਨ ਪਾਉਣ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਲੋਕਾਂ ਵਲੋਂ ਉਤਸ਼ਾਹ ਨਾਲ ਸਮਰਥਨ ਦੇਣ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਵਿਜੇ ਪੰਡੋਰੀ ਸਾਬਕਾ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਹੇਠ ਪਿੰਡ ਢੱਕ ਪੰਡੋਰੀ ਪੁੱਜਣ ਤੇ ਸਿਮਰਜੀਤ ਸਿੰਘ ਬੈਂਸ, ਜਰਨੈਲ ਨੰਗਲ ਅਤੇ ਹੋਰਨਾ ਨੂੰ ਸਨਮਾਨਤ ਕੀਤਾ ਗਿਆ। ਲੋਕ ਇਨਸਾਫ ਪਾਰਟੀ ਦੀ ਇਸ ਯਾਤਰਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ ਅਤੇ ਹਲਕਾ ਵਿਧਾਇਕ ਦੀ ਕੋਠੀ ਦੇ ਨੇੜਲੇ ਇਲਾਕੇ ਨੂੰ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਛਾਉਣੀ ਦੇ ਰੂਪ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਮੌਕੇ ਬਲਦੇਵ ਸਿੰਘ ਪ੍ਰਧਾਨ ਲੁਧਿਆਣਾ, ਸਨੀ ਕੈਂਥ, ਰਣਧੀਰ ਸਿੰਘ ਸੀਬੀਆ, ਪਵਨਜੀਤ ਮਦਾਨ, ਮਹਿੰਦਰ ਪਾਲ ਦਾਨਗੜ, ਜੋਰਾਵਰ ਸਿੰਘ ਰੋਪੜ, ਗੁਰਜੋਧ ਸਿੰਘ, ਹਰਜਾਪ ਸਿੰਘ, ਰਾਜੇਸ਼ ਖੋਖਰ, ਹਰਪ੍ਰਭ ਮਹਿਲ ਸਿੰਘ ਬਰਨਾਲਾ ਕਲਾਂ, ਮਨਜੀਤ ਬੇਦੀ, ਗੁਰਪ੍ਰੀਤ ਸਿੰਘ ਕਾਕਾ, ਬੀਬੀ ਮਨਜੀਤ ਕੌਰ ਰਣਜੀਤ ਨਗਰ, ਲੈਂਬਰ ਸਿੰਘ, ਅਮਨਦੀਪ ਸਿੰਘ, ਵਰਿੰਦਰ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ, ਸੰਤੋਖ ਸਿੰਘ, ਡਾ. ਜਸਪਾਲ ਸਿੰਘ, ਅਜੇ ਕੁਮਾਰ, ਪਰਮਜੀਤ ਪੰਮਾ, ਗੁਰਸ਼ਰਨ ਸਿੰਘ, ਜੋਗਿੰਦਰ ਪਾਲ, ਹੇਮਰਾਜ ਆਦਿ ਹਾਜਰ ਸਨ।