ਅੰਮ੍ਰਿਤਸਰ,21 ਸਤੰਬਰ ( )- ਜਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਦੀ ਵੱਡੀ ਲਾਪਰਵਾਹੀ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਲੰਮੇ ਸਮੇਂ ਤੋਂ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਨਾ ਹੋਣ ਦੇ ਰੋਸ ਕਾਰਨ ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਦੇ ਅੱਜ 27 ਵੇਂ ਦਿਨ ਹੜਤਾਲ ਤੇ ਬੈਠੇ ਬਲਾਕ ਚੁਗਾਵਾਂ-1 ਤੇ 2 ਦੇ ਅਧਿਆਪਕ ਆਗੂਆਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਦਫ਼ਤਰੀ ਅਮਲੇ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਅਧਿਆਪਕ ਆਗੂ ਨਵਦੀਪ ਸਿੰਘ, ਜਤਿੰਦਰ ਸਿੰਘ ਲਾਵੇਂ,ਤੇਜਇੰਦਰਪਾਲ ਸਿੰਘ ਮਾਨ,ਯਾਦਮਨਿੰਦਰ ਸਿੰਘ ਧਾਰੀਵਾਲ,ਹਰਪ੍ਰੀਤ ਸਿੰਘ ਸੰਧੂ ਆਦਿ ਨੇ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਣ ਬੁੱਝ ਕੇ ਪ੍ਰਮੋਸ਼ਨਾਂ ਕਰਨ ਲਈ ਅਪਣਾਏ ਜਾ ਰਹੇ ਬਹੁਤ ਹੀ ਢਿੱਲੇ ਵਤੀਰੇ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਅੱਜ ਭਲਾਈ ਦਫ਼ਤਰ ਨੂੰ ਰਿਕਾਰਡ ਪੇਸ਼ ਕਰਨ ਦਾ ਜਥੇਬੰਦੀ ਨਾਲ ਕੀਤਾ ਵਾਅਦਾ ਵੀ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਧੀਨ ਕੰਮ ਕਰਦੇ ਕਰਮਚਾਰੀ ਉਸਦੇ ਕਹੇ ਅੰਦਰ ਨਹੀਂ ਹਨ ਤਾਂ ਉਹ ਤੁਰੰਤ ਉਨ੍ਹਾਂ ਦੀ ਸ਼ਿਕਾਇਤ ਸਿੱਖਿਆ ਵਿਭਾਗ ਦੇ ਸੈਕਟਰੀ ਨੂੰ ਕਰੇ। ਅਧਿਆਪਕ ਅਗੂਆਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਇਸ ਮਸਲੇ ‘ਚ ਤੁਰੰਤ ਦਖ਼ਲ ਦੇ ਕੇ ਜਿੱਥੇ ਜਲਦ ਤੋਂ ਜਲਦ ਪ੍ਰਮੋਸ਼ਨਾਂ ਕਰਾਉਣ ਦੀ ਮੰਗ ਕੀਤੀ ਉੱਥੇ ਹੀ ਹਨ ਇਸ ਦੇ ਨਾਲ ਹੀ ਇਨ੍ਹਾਂ ਪ੍ਰਮੋਸ਼ਨਾਂ ਨੂੰ ਜਾਣ-ਬੁੱਝ ਕੇ ਲੇਟ ਕਰਨ ਵਾਲੇ ਜਿੰਮੇਵਾਰ ਅਧਿਕਾਰੀ ਤੇ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰਕੇ ਬਣਦੀ ਸਜ਼ਾ ਦੇਣ ਦੀ ਮੰਗ ਵੀ ਕੀਤੀ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਈ. ਟੀ.ਯੂ. ਹੁਣ ਇਸ ਮਸਲੇ ਨੂੰ ਕਿਸੇ ਪਾਸੇ ਲਾ ਕੇ ਹੀ ਸਾਹ ਲਵੇਗੀ ਬੇਸ਼ੱਕ ਕਿੰਨੀ ਵੀ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਵੇ । ਅੱਜ ਭੁੱਖ ਹੜਤਾਲ ਤੇ ਬਹਿਣ ਵਾਲੇ ਅਧਿਆਪਕ ਆਗੂਆਂ ‘ਚ ਜਤਿੰਦਰ ਸਿੰਘ ਲਾਵੇਂ,ਤੇਜਇੰਦਰਪਾਲ ਸਿੰਘ ਮਾਨ, ਯਾਦਮਨਿੰਦਰ ਸਿੰਘ ਧਾਰੀਵਾਲ, ਧਰਮਿੰਦਰ ਸਿੰਘ,ਹਰਪ੍ਰੀਤ ਸਿੰਘ ਸੰਧੂ, ਮਨਦੀਪ ਸਿੰਘ,ਮਨਮੋਹਨ ਸਿੰਘ,ਸੁਖਰਾਜ ਸਿੰਘ,ਪਰਮਿੰਦਰ ਸਿੰਘ,ਵਿਜੈ ਕੁਮਾਰ, ਸ਼ਰਨਜੀਤ ਸਿੰਘ,ਬੂਟਾ ਸਿੰਘ,ਮਨਜੀਤ ਸਿੰਘ ਆਦਿ ਈ.ਟੀ. ਯੂ. ਆਗੂ ਭੁੱਖ ਹੜਤਾਲ ਤੇ ਬੈਠੇ।