ਫਗਵਾੜਾ 22 ਸਤੰਬਰ (ਸ਼ਿਵ ਕੋੜਾ) ਬਹੁਜਨ ਸੰਘਰਸ਼ ਆਰਗਨਾਈਜੇਸ਼ਨ ਪੰਜਾਬ ਦੇ ਆਗੂ ਰਜਿੰਦਰ ਘੇੜਾ ਨੇ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵਲੋਂ 25 ਸਤੰਬਰ ਨੂੰ ਕੀਤੇ ਬੰਦ ਦੇ ਐਲਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸ ਸੰਸਦ ਵਿਚ ਪਾਸ ਕਰਕੇ ਮੋਦੀ ਸਰਕਾਰ ਨੇ ਕਿਸਾਨਾ ਨੂੰ ਤਬਾਹੀ ਵਲ ਤੋਰਿਆ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਪਾਸ ਕੀਤੇ ਆਰਡੀਨੈਂਸਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਰਜਿੰਦਰ ਘੇੜਾ ਤੋਂ ਇਲਾਵਾ ਆਰਗਨਾਈਜੇਸ਼ਨ ਦੇ ਆਗੂਆਂ ਮੋਂਟੀ ਮਹਿਮੀ, ਸੰਦੀਪ ਸੀਪਾ, ਸਵਰਨ ਸਿੰਘ ਕਲਸੀ ਅਤੇ ਰਵੀ ਜੰਡਿਆਲਾ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾ ਸਮੇਤ ਸਮਾਜ ਦੇ ਹਰ ਵਰਗ ਨਾਲ ਹਮੇਸ਼ਾ ਧੱਕੇਸ਼ਾਹੀ ਕੀਤੀ ਹੈ। ਜਿੱਥੇ ਜੀ.ਐਸ.ਟੀ. ਲਾਗੂ ਕਰਕੇ ਵਪਾਰੀ ਵਰਗ ਨੂੰ ਭਾਰੀ ਮੁਸ਼ਕਲ ਵਿਚ ਪਾਇਆ ਹੈ ਉੱਥੇ ਹੀ ਨੋਟਬੰਦੀ ਦਾ ਫੈਸਲਾ ਦੇਸ਼ ਦੀ ਆਰਥਕਤਾ ਦਾ ਦੀਵਾਲਾ ਕੱਢਣ ਵਾਲਾ ਸਾਬਿਤ ਹੋਇਆ। ਕੋਰੋਨਾ ਮਹਾਮਾਰੀ ਨੂੰ ਰੋਕਣ ਵਿਚ ਵੀ ਮੋਦੀ ਸਰਕਾਰ ਪੂਰੀ ਤਰਾ ਨਾਲ ਫੇਲ ਹੋਈ ਹੈ। ਕੋਰੋਨਾ ਆਫਤ ਨਾਲ ਨਜਿੱਠਣ ਲਈ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਾਰੋਬਾਰ ਤਬਾਹ ਹੋ ਕੇ ਰਹਿ ਗਏ ਹਨ। ਕਿਸਾਨਾ ਨੂੰ ਵੀ ਇਸ ਦਾ ਭਾਰੀ ਖਾਮਿਆਜਾ ਭੁਗਤਣਾ ਪਿਆ। ਕਿਸਾਨ ਤਾਂ ਪਹਿਲਾਂ ਹੀ ਆਰਥਕ ਤੰਗੀ ਅਤੇ ਕਰਜੇ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੈ, ਹੁਣ ਮੋਦੀ ਸਰਕਾਰ ਨੇ ਆਰਡੀਨੈਂਸਾਂ ਰਾਹੀਂ ਕਿਸਾਨ ਦਾ ਲੱਕ ਤੋੜਨ ਦੀ ਵਿਉਂਤਬੰਦੀ ਕੀਤੀ ਹੈ ਜਿਸ ਨੂੰ ਕਿਸੇ ਕੀਮਤ ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਖੇਤੀ ਆਰਡੀਨੈਂਸਾਂ ਨੂੰ ਮੰਡੀਆਂ ਵਿਚ ਕਾਰੋਬਾਰ ਕਰਨ ਵਾਲੇ ਹਰ ਵਰਗ ਲਈ ਵੀ ਬੇਹਦ ਨੁਕਸਾਨਦਾਇਕ ਦੱਸਿਆ ਅਤੇ ਕਿਹਾ ਕਿ ਬੇਰੁਜਗਾਰੀ ਪਹਿਲਾਂ ਹੀ ਦੇਸ਼ ਵਿਚ ਰਿਕਾਰਡ ਤੋੜ ਰਹੀ ਹੈ ਅਤੇ ਹੁਣ ਇਹਨਾਂ ਆਰਡੀਨੈਂਸਾਂ ਦੇ ਕਾਨੂੰਨ ਬਣਨ ਨਾਲ ਆੜਤੀ, ਮੁਨੀਮ ਤੇ ਮੰਡੀ ਮਜਦੂਰ ਵੀ ਬੇਕਾਰ ਹੋ ਜਾਣਗੇ ਨਾਲ ਹੀ ਪੰਜਾਬ ਦੇ ਖਜਾਨੇ ਤੇ ਵੀ ਇਸ ਦਾ ਮਾੜਾ ਅਸਰ ਹੋਵੇਗਾ। ਇਸ ਲਈ ਉਹ ਕਿਸਾਨਾ ਵਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਉਹਨਾਂ ਦੇ ਨਾਲ ਹਨ। ਕਿਸਾਨਾ ਨੂੰ ਹਰ ਤਰਾ ਦਾ ਸਮਰਥਨ ਦਿੱਤਾ ਜਾਵੇਗਾ।