ਫਗਵਾੜਾ 1 ਅਕਤੂਬਰ (ਸ਼ਿਵ ਕੋੜਾ) ਆਲ ਇੰਡੀਆ ਰੰਗਰੇਟਾ ਦੱਲ ਦੇ ਪ੍ਰਧਾਨ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ  ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਚਿੱਠੀ ਲਿੱਖ ਕੇ ਬਾਦਲ ਦਲ ਨੂੰ ਧਾਰਮਿਕ ਅਤੇ ਇਤਿਹਾਸਕ ਗੁਰੂ ਅਸਥਾਨਾ ਨੂੰ ਸਿਆਸੀ ਅਖਾੜਾ ਬਨਾਉਣ ਤੋਂ ਵਰਜਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਉਹਨਾਂ ਸੁਖਬੀਰ ਬਾਦਲ ਦੇ ਉਸ ਬਿਆਨ ਦੀ ਵੀ ਸਖ਼ਤ ਨਖੇਦੀ ਕੀਤੀ ਜਿਸ ਵਿਚ ਉਹਨਾਂ ਤਿੰਨਾ ਤਖ਼ਤਾਂ ਤੋਂ ਜੱਥੇ ਚੰਡੀਗੜ੍ਹ ਲਿਜਾਉਣ ਦੀ ਗੱਲ ਕਹੀ ਹੈ। ਸ੍ਰ. ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਬੁੱਧੀ ਪੂਰੀ ਤਰਾ ਭ੍ਰਿਸ਼ਟ ਹੋ ਚੁੱਕੀ ਹੈ। ਉਹ ਉਲਟੀ ਗੰਗਾ ਬਹਾਉਣ ਵਲ ਤੁਰ ਪਿਆ ਹੈ। ਸਿੱਖ ਪੰਥ ਦੇ ਪੰਜ ਤਖ਼ਤ ਅਕਾਲ ਪੁਰਖ ਦਾ ਪ੍ਰਤੀਨਿਧ ਕਰਦੇ ਹਨ ਅਤੇ ਸਿਆਸਤ ਦੇ ਤਖ਼ਤਾਂ ਦਾ ਇਹਨਾਂ ਅੱਗੇ ਕੋਈ ਮਹੱਤਵ ਨਹੀਂ ਹੈ। ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ ਕਿ  ਅਕਾਲ ਤਖ਼ਤ ਸਾਹਿਬ, ਤਖ਼ਤ  ਕੇਸਗੜ ਜਾਂ ਤਖ਼ਤ  ਦਮਦਮਾ ਸਾਹਿਬ ਤੋਂ ਸੱਤਾ ਦੇ ਗਲਿਆਰਿਆਂ ਵਲ ਜੱਥੇ ਰਵਾਨਾ ਹੋਏ ਹਨ। ਉਹਨਾਂ ਬਾਦਲ ਪਰਿਵਾਰ ਤੋਂ ਸਵਾਲ ਕੀਤਾ ਕਿ ਉਹ ਦੱਸਣ ਕਿ ਸਮੁੰਦਰ ਵੀ ਕਦੇ ਦਰਿਆਵਾਂ ਵਲ ਨੂੰ ਰਵਾਨਗੀ ਕਰਦੇ ਹਨ? ਸ੍ਰ. ਮਾਨ ਨੇ ਦੱਸਿਆ ਕਿ ਉਹਨਾਂ  ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਲਿਖੀ ਚਿੱਠੀ ਵਿਚ ਬੇਨਤੀ ਕੀਤੀ ਹੈ ਕਿ ਪੰਜਾਬ ਮੌਜੂਦਾ ਸਮੇਂ ਵਿਚ ਬਹੁਤ ਹੀ ਗੰਭੀਰ ਸੰਕਟ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ। ਪੰਜਾਬ ਦੀ ਸਿਆਸਤ ਨੂੰ ਦੂਸਰੇ ਰਾਜਾਂ ਨਾਲੋਂ ਵੱਖਰੇ ਸੰਦਰਭ ਵਿਚ ਦੇਖਣਾ ਜਰੂਰੀ ਹੈ। ਸ੍ਰੋਮਣੀ ਅਕਾਲੀ ਦਲ ਦਾ ਗਠਨ ਸਿੱਖੀ ਦੇ ਪ੍ਰਚਾਰ, ਪ੍ਰਸਾਰ ਨੂੰ ਮੁੱਖ ਰੱਖ ਕੇ ਹੋਇਆ ਸੀ ਪਰ ਸਮੇਂ ਦੇ ਨਾਲ ਇਸ ਨੇ ਰਾਜਨੀਤਿਕ ਪਹਿਚਾਣ ਕਾਇਮ ਕਰ ਲਈ। ਆਰੰਭਲੇ ਪੜਾਅ ‘ਤੇ ਜੁਝਾਰੂ ਰੂਪ ਦਿਖਾਉਂਦੇ ਹੋਏ ਸ੍ਰੋਮਣੀ ਅਕਾਲੀ ਦਲ ਨੇ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸਿਆਸੀ ਸਾਂਝ ਪਾਈ ਅਤੇ ਇਸ ਵਿਚ ਨਵੇਕਲੀ ਰਾਜਨੀਤਿਕ ਸੋਚ ਅਤੇ ਸੁਤੰਤਰ ਰਣਨੀਤੀ ਅਪਣਾਈ। ਸ੍ਰ. ਪ੍ਰਕਾਸ਼ ਨੇ ਧਾਰਮਿਕ ਹਿਤਾਂ ਦੀ ਥਾਂ ਤੇ ਰਾਜਸੀ ਹਿਤਾਂ ਨੂੰ ਤਰਜੀਹ ਦਿੱਤੀ। ਪਰਿਵਾਰਵਾਦ, ਪਦਾਰਥਵਾਦ ਅਤੇ ਹਿੰਦੁਤਵ ਦੀ ਸੋਚ ਧਾਰਨ ਕਰਕੇ ਅਖੌਤੀ ਡੇਰਾਵਾਦ ਨੂੰ ਪ੍ਰਫੁੱਲਤ ਕੀਤਾ ਜੋ ਸ੍ਰੋਮਣੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣਿਆ ਹੈ। ਕੇਂਦਰੀ ਮੰਤਰੀ ਰਹਿੰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਦੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਅੱਖਾਂ ਮੀਟ ਕੇ ਪ੍ਰਵਾਨਗੀ ਦੇ ਦਿੱਤੀ ਅਤੇ ਕੇਂਦਰੀ ਵਜਾਰਤ ਤੋਂ ਅਸਤੀਫਾ ਦੇਣ ਦੇ ਬਾਵਜੂਦ ਖੇਤੀ ਬਿਲਾਂ ਦਾ ਅਸਿੱਧੇ ਰੂਪ ਵਿਚ ਸਮਰਥਨ ਕਰ ਰਹੀ ਹੈ। ਜਿਸ ਨਾਲ ਪੰਥਕ ਮਸਲਿਆਂ ਦੇ ਨਾਲ-ਨਾਲ ਹੁਣ ਉਹਨਾਂ ਨੂੰ ਕਿਸਾਨੀ ਮਾਨਸਿਕਤਾ ਵਿਚੋਂ ਵੀ ਮੁਨਫੀ ਕਰ ਦਿੱਤਾ ਗਿਆ ਹੈ। ਬਾਦਲ ਪਰਿਵਾਰ ਅਕਾਲੀ ਦਲ ਦੇ ਇਤਿਹਾਸ ਨੂੰ ਦਾਗਦਾਰ ਕੀਤਾ ਹੈ। ਉਹਨਾਂ ਦੱਸਿਆ ਕਿ ਇਹਨਾਂ ਗੱਲਾਂ ਨੂੰ ਵਿਚਾਰਦੇ ਹੋਏ ਆਲ ਇੰਡੀਆ ਰੰਗਰੇਟਾ ਦੱਲ ਵਲੋਂ ਜੱਥੇਦਾਰn  ਅਕਾਲ ਤਖਤ ਸਾਹਿਬ ਨੂੰ ਸਨਿਮਰ ਬੇਨਤੀ ਕੀਤੀ ਗਈ ਹੈ ਕਿ ਸ੍ਰੋਮਣੀ ਅਕਾਲੀ ਦਲ ਜੋ ਹੁਣ ਬਾਦਲ ਦਲ ਬਣ ਕੇ ਰਹਿ ਗਿਆ ਹੈ, ਉਹਨਾਂ ਨੂੰ ਧਾਰਮਿਕ ਅਤੇ ਇਤਿਹਾਸਕ ਗੁਰੂ ਅਸਥਾਨਾ ਨੂੰ ਸਿਆਸੀ ਅਖਾੜਾ ਬਨਾਉਣ ਤੋਂ ਵਰਜਿਆ ਜਾਵੇ ਤਾਂ ਜੋ ਪੰਥਕ ਕਦਰਾਂ ਕੀਮਤਾਂ ਦੇ ਘਾਣ ਨੂੰ ਰੋਕਿਆ ਜਾ ਸਕੇ।