
ਫਗਵਾੜਾ 6 ਅਕਤੂਬਰ (ਸ਼ਿਵ ਕੋੜਾ) ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਡੇਰਾ ਭਗਵਾਨ ਵਾਲਮੀਕਿ ਉੱਗੀ ਚਿੱਟੀ (ਨਕੋਦਰ) ਦੇ ਗੱਦੀ ਨਸ਼ੀਨ ਸੰਤ ਪਰਗਟ ਨਾਥ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੰਤ ਪਰਗਟ ਨਾਥ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਸਮੇਤ ਦੇਸ਼ ਭਰ ਵਿਚ ਦਲਿਤਾਂ ਪ੍ਰਤੀ ਵੱਧਦੇ ਅਤਿਆਚਾਰਾਂ ਦੀਆਂ ਘਟਨਾਵਾਂ ਬਾਰੇ ਚਿੰਤਾ ਜਤਾਈ ਜਿਸ ਤੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਦਲਿਤਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਇਸ ਸਮੇਂ ਕੇਂਦਰ ਦੀ ਮੋਦੀ ਸਰਕਾਰ ਦੀ ਹੈ ਪਰ ਕਾਂਗਰਸ ਪਾਰਟੀ ਦੇਸ਼ ਵਿਚ ਵਿਰੋਧੀ ਧਿਰ ਦਾ ਫਰਜ਼ ਨਿਭਾਉਂਦੇ ਹੋਏ ਐਸ.ਸੀ./ਐਸ.ਟੀ. ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਰੱਖਦੀ ਹੈ। ਹਾਥਰਸ ਦੀ ਘਟਨਾ ਤੋਂ ਬਾਅਦ ਵੀ ਕਾਂਗਰਸ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਕਾਂਗਰਸ ਪਾਰਟੀ ਮਨੀਸ਼ਾ ਦੇ ਪਰਿਵਾਰ ਨੂੰ ਹਰ ਹਾਲ ਵਿਚ ਨਿਆ ਦੁਆਏਗੀ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਵੀ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਕ੍ਰਿਸ਼ਨ ਕੁਮਾਰ ਹੀਰੋ, ਸਤੀਸ਼ ਸਲਹੋਤਰਾ, ਸਤਪਾਲ ਮੱਟੂ, ਅਸ਼ਵਨੀ ਬਘਾਣੀਆ, ਦੀਪਕ ਆਦਿ ਹਾਜਰ ਸਨ।