ਫਗਵਾੜਾ 13 ਅਕਤੂਬਰ (ਸ਼ਿਵ ਕੋੜਾ) ਕੇਂਦਰ ਸਰਕਾਰ ਵਲੋਂ 8 ਕੇਂਦਰੀ ਮੰਤਰੀਆਂ ਦੇ 13 ਤੋਂ 20 ਅਕਤੂਬਰ ਤੱਕ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਪੰਜਾਬ ਦੇ ਕਿਸਾਨਾ ਅਤੇ ਆੜਤੀਆਂ ਨਾਲ ਗੱਲਬਾਤ ਕਰਨ ਦੇ ਐਲਾਨ ਨੂੰ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਕਿਸਾਨਾ ਤੇ ਆੜ•ਤੀਆਂ ਨੂੰ ਗੁਮਰਾਹ ਕਰਨ ਦੀ ਇਕ ਹੋਰ ਕੋਸ਼ਿਸ਼ ਦੱਸਿਆ ਅਤੇ ਕਿਹਾ ਕਿ ਇਹ ਕੋਸ਼ਿਸ਼ ਸਫਲ ਨਹੀਂ ਹੋਵੇਗੀ ਕਿਉਂਕਿ ਜੇਕਰ ਕੇਂਦਰ ਸਰਕਾਰ ਕਿਸਾਨਾ ਤੇ ਆੜਤੀਆਂ ਦੇ ਹੱਕਾਂ ਪ੍ਰਤੀ ਇਮਾਨਦਾਰ ਹੁੰਦੀ ਤਾਂ 5 ਜੂਨ ਨੂੰ ਕਿਸਾਨ ਵਿਰੋਧੀ ਬਿਲਾਂ ਦੀ ਡਰਾਫਟਿੰਗ ਫਾਈਨਲ ਕਰਨ ਤੋਂ ਪਹਿਲਾਂ ਗੱਲ ਕਰਕੇ ਉਹਨਾਂ ਦੇ ਇਤਰਾਜ ਦੂਰ ਕੀਤੇ ਜਾਂਦੇ ਪਰ ਮੋਦੀ ਸਰਕਾਰ ਨੇ ਅਜਿਹਾ ਨਾ ਕਰਕੇ ਕਿਸਾਨਾ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਚਾਰ ਮੀਟਿੰਗਾਂ ਦੇ ਬਾਵਜੂਦ ਪੰਜਾਬ ਦੇ ਹਿੱਸੇ ਦਾ ਬਣਦਾ ਜੀ.ਐਸ.ਟੀ. ਰਿਲੀਜ਼ ਨਹੀਂ ਕੀਤਾ ਹੈ। ਡਾ. ਸਰਦਾਰਾ ਸਿੰਘ ਜੋਹਲ ਦੇ ਬਿਆਨ ਦੀ ਸਖਤ ਨਖੇਦੀ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੇ ਕਿਸਾਨ ਵਿਰੋਧੀ ਕੇਂਦਰ ਦੇ ਬਿਲਾਂ ਨੂੰ ਪੰਜਾਬ ਦੇ ਖੇਤੀ ਉਤਪਾਦ ਮਾਰਕਿਟ ਕਮੇਟੀ ਕਾਨੂੰਨ 2006 ਅਤੇ ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013 ਨਾਲ ਜੋੜਨ ਦਾ ਸ਼ਰਾਰਤ ਪੂਰਣ ਯਤਨ ਕੀਤਾ ਹੈ। ਕਿਉਂਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ ਮੰਡੀ ਖੋਲਣ ਤੋਂ ਪਹਿਲਾਂ ਸਰਕਾਰ ਪਾਸੋਂ ਲਾਈਸੇਂਸ ਲੈਣ ਦੀ ਲੋੜ ਸੀ ਪਰ ਕੇਂਦਰ ਨੇ ਤਾਂ ਕਿਸੇ ਵੀ ਪੈਨ ਕਾਰਡ ਧਾਰਕ ਨੂੰ ਇਹ ਅਧਿਕਾਰ ਦੇ ਦਿੱਤਾ ਹੈ ਜੋ ਸਰਾਸਰ ਗਲਤ ਹੈ। ਨਾਲ ਹੀ ਪੰਜਾਬ ਦੇ ਨਿਯਮਾ ਵਿਚ ਸਰਕਾਰੀ ਮੰਡੀਆਂ ਵਾਂਗੁ ਹੀ ਪ੍ਰਾਈਵੇਟ ਮੰਡੀਆਂ ਨੂੰ ਵੀ ਟੈਕਸ ਸੈਸ, ਮੰਡੀ ਫੀਸ, ਪੇਂਡੂ ਵਿਕਾਸ ਫੰਡ ਦਾ ਭੁਗਤਾਨ ਲਾਜਮੀ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਤਰਾ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਬਿਲ ਆਉਣ ਵਾਲੇ ਸਮੇਂ ਵਿਚ ਆੜਤੀ, ਮੰਡੀ ਮਜਦੂਰ, ਮੰਡੀ ਬੋਰਡ ਦੇ ਮੁਲਾਜਮਾ ਅਤੇ ਹੋਰ ਸਰਕਾਰੀ ਖਰੀਦ ਏਜੰਸੀਆਂ ਦੇ ਭਵਿੱਖ ਤੇ ਵੀ ਮਾੜਾ ਅਸਰ ਪਾਉਣਗੇ। ਪੰਜਾਬ ਕੰਟ੍ਰੈਕਟ ਫਾਰਮਿੰਗ ਐਕਟ 2013 ਜਿੱਥੇ ਸੂਬੇ ਵਿਚ ਕਿਸਾਨਾ ਅਤੇ ਪ੍ਰਾਈਵੇਟ ਕੰਪਨੀਆਂ ਵਿਚ ਕੰਟ੍ਰੈਕਟ ਦੇ ਅਧਾਰ ‘ਤੇ ਖੇਤੀ ਦੇ ਰਾਹ ਖੋਲਦਾ ਹੈ ਉੱਥੇ ਹੀ ਕੇਂਦਰ ਦੇ ਬਿਲ ਪ੍ਰਾਈਵੇਟ ਵਪਾਰੀਆਂ ਨੂੰ ਟੈਕਸ, ਸੈਸ ਆਦਿ ਤੋਂ ਛੂਟ ਦਿੰਦਾ ਹੈ। ਪੰਜਾਬ ਸਰਕਾਰ ਨੇ ਕਿਸਾਨਾ ਦੀ ਅਦਾਇਗੀ ਨੂੰ ਯਕੀਨੀ ਬਨਾਉਣ ਲਈ ਕਮੀਸ਼ਨ ਦਾ ਗਠਨ ਕੀਤਾ ਸੀ ਪਰ ਕੇਂਦਰ ਨੇ ਉਸ ਨਜਰ ਰੱਖ ਵਾਲੇ ਕਮੀਸ਼ਨ ਨੂੰ ਹੀ ਅੱਡ ਕਰ ਦਿੱਤਾ। ਪੰਜਾਬ ਦੇ ਕਾਨੂੰਨ ਪ੍ਰਾਈਵੇਟ ਕੰਪਨੀਆਂ, ਪ੍ਰਾਈਵੇਟ ਮੰਡੀਆਂ ਅਤੇ ਕਾਰਪੋਰੇਟਾਂ ਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰਦੇ ਹਨ ਜਦਕਿ ਕੇਂਦਰ ਨੇ ਇਹਨਾਂ ਨੂੰ ਰਾਜਾਂ ਤੋਂ ਬੇਦਖਲ ਕਰਕੇ ਆਜਾਦ ਕਰ ਦਿੱਤਾ ਹੈ। ਉਹਨਾਂ ਜਿੱਥੇ ਕਿਹਾ ਕਿ ਕਿਸਾਨਾ ਦਾ ਸੰਘਰਸ਼ ਹੁਣ ਜਿੱਤ ਦੀ ਦਹਿਲੀਜ ਤੇ ਖੜਾ ਹੈ ਉੱਥੇ ਹੀ ਉਹਨਾਂ ਯੋਧਿਆਂ ਨੂੰ ਵੀ ਨਮਨ ਕੀਤਾ ਜੋ ਇਸ ਸੰਘਰਸ਼ ਵਿਚ ਆਪਣੀ ਜਿੰਦਗੀ ਵਾਰ ਗਏ ਹਨ। ਉਹਨਾਂ ਦੁਹਰਾਇਆ ਕਿ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਕਿਸਾਨਾ, ਆੜਤੀਆਂ ਦੇ ਹਰ ਸੰਘਰਸ਼ ਵਿਚ ਡੱਟ ਕੇ ਨਾਲ ਖੜੀ ਹੈ ਅਤੇ ਖੜੀ ਰਹੇਗੀ।