ਨਵੀਂ ਦਿੱਲੀ :- ਕੇਂਦਰ ’ਤੇ ਸੱਦੇ ’ਤੇ ਨਵੇਂ ਖ਼ੇਤੀ ਕਾਨੂੰਨਾਂ ਦੀ ਉਲਝੀ ਤਾਣੀ ਨੂੰ ਗੱਲਬਾਤ ਰਾਹੀਂ ਸੁਲਝਾਉਣ ਦਿੱਲੀ ਗਏ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਅਤੇ ਕੇਂਦਰ ਵਿਚਾਲੇ ਗੱਲਬਾਤ ਬੇਸਿੱਟਾ ਰਹੀ ਹੈ। ਕਹਾਣੀ ਨਹੀਂ ਬਣੀ ਅਤੇ ਤਾਣੀ ਹੋਰ ਉਲਝਦੀ ਨਜ਼ਰ ਆ ਰਹੀ ਹੈ। ਮੀਟਿੰਗ ਬੇਸਿੱਟਾ ਰਹਿਣ ’ਤੇ ਨਿਰਾਸ਼ ਅਤੇ ਨਾਰਾਜ਼ ਹੋ ਕੇ ਬਾਹਰ ਨਿਕਲੇ ਕਿਸਾਨ ਆਗੂਆਂ ਨੇ ਨਵੇਂ ਕਾਨੂੂੰਨਾਂ ਦੀਆਂ ਕਾਪੀਆਂ ਪਾੜੀਆਂ ਅਤੇ ਐਲਾਨ ਕੀਤਾ ਹੈ ਕਿ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਕਿਸਾਨਾਂ ਨੇ ਬਾਹਰ ਆ ਕੇ ਦੋਸ਼ ਲਗਾਇਆ ਉਨ੍ਹਾਂ ਨਾਲ ਦੋਗਲੀ ਅਤੇ ਗੁਮਰਾਹਕੁੰਨ ਨੀਤੀ ਅਪਨਾਈ ਗਈ। ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਮੁੜ ਅਫ਼ਸਰਾਂ ਦੇ ਸਾਹਮਣੇ ਬਿਠਾ ਦਿੱਤਾ ਜਦਕਿ ਕੇਂਦਰ ਸਰਕਾਰ ਦੇ ਮੰਤਰੀ ਪੰਜਾਬ ਵਿੱਚ ਜਾ ਕੇ ਬਿੱਲ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ।
ਉਨ੍ਹਾਂ ਆਖ਼ਿਆ ਕਿ ਉਹ ਗੱਲਬਾਤ ਲਈ ਇਸੇ ਆਸ ’ਤੇ ਆਏ ਸਨ ਕਿ ਘੱਟੋ ਘੱਟ ਮੰਤਰੀ ਪੱਧਰ ਦੇ ਲੋਕ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ ਜਦਕਿ ਮੀਟਿੰਗ ਵਿੱਚ ਕੇਵਲ ਅਧਿਕਾਰੀ ਸਨ ਜਿਹੜੇ ਉਨ੍ਹਾਂ ਨੂੰ ਬਿੱਲ ਦੇ ਪੱਖ ਸਮਝਾ ਰਹੇ ਸਨ ਜਦਕਿ ਉਹ ਕਾਨੂੂੰਨਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।
ਇਸ ਸੰਬੰਧੀ ਗੱਲ ਕਰਦਿਆਂ ਬੀ.ਕੇ.ਯੂ.ਰਾਜੇਵਾਲ ਦੇ ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ ਨੇ ਕਿਹਾ 9 ਮੰਤਰੀ ਪੰਜਾਬ ਵਿੱਚ ਤੁਰੇ ਫ਼ਿਰਦੇ ਹਨ, ਉਹ ਗੱਲ ਕਰਨਾ ਚਾਹੁੰਦੇ ਸਨ ਤਾਂ ਸਾਡੇ ਨਾਲ ਪੰਜਾਬ ਵਿੱਚ ਕਰ ਲੈਂਦੇ ਜਾਂ ਫ਼ਿਰ ਅੱਜ ਇਸ ਮੀਟਿੰਗ ਵਿੱਚ ਹਾਜ਼ਰ ਹੁੰਦੇ। ਸ: ਰਾਜੇਵਾਲ ਨੇ ਕਿਹਾ ਕਿ ਕੇਂਦਰ ਦੀ ਨੀਅਤ ਠੀਕ ਨਹੀਂ ਹੈ ਅਤੇ ਉਹ ਇਹੀ ਸੋਚ ਕੇ ਆਏ ਸਨ ਕਿ ਕੇਂਦਰ ਇਸ ਬਾਰੇ ਗੰਭੀਰ ਹੋਵੇਗਾ ਅਤੇ ਇਸ ਤੋਂ ਇਲਾਵਾ ਅਸੀਂ ਆਪਣੇ ਸਿਰ ਇਹ ਇਲਜ਼ਾਮ ਨਹੀਂ ਲੈਣਾ ਚਾਹੁੰਦੇ ਸਾਂ ਕਿ ਅਸੀਂ ਗੱਲਬਾਤ ਲਈ ਤਿਆਰ ਨਹੀਂ ਹਾਂ।
ਸ: ਰਾਜੇਵਾਲ ਨੇ ਐਲਾਨ ਕੀਤਾ ਕਿ ਸੰਘਰਸ਼ ਨੂੰ ਤਿੱਖਾ ਕਰਨ ਲਈ ਅਗਲਾ ਫ਼ੈਸਲਾ 15 ਅਕਤੂਬਰ ਨੂੰ ਚੰਡੀਗੜ੍ਹ ਵਿਖ਼ੇ ਹੋਣ ਵਾਲੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਲਿਆ ਜਾਵੇਗਾ। ਮੀਟਿੰਗ ਅੱਧਵਿਚਾਲੇ ਛੱਡ ਕੇ ਬਾਹਰ ਆਏ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਮੀਟਿੰਗ ਲਈ ਵੀ ਨਾਂਹ ਇਸ ਲਈ ਹੀ ਕੀਤੀ ਸੀ ਕਿ ਉਨ੍ਹਾਂ ਨੂੰ ਅਫ਼ਸਰਾਂ ਸਾਹਮਣੇ ਬਿਠਾਇਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਖ਼ੇਡਾਂ ਖ਼ੇਡ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦਾ ਰਾਹ ਤਿਆਰ ਕਰ ਰਹੀ ਹੈ।