ਸੁਲਤਾਨਪੁਰ ਲੋਧੀ, ੧੪ ਅਕਤੂਬਰ ਪਵਿੱਤਰ ਕਾਲੀ ਵੇਈਂ ‘ਤੇ ਇੰਟਰਲੌਕ ਲਗਾਉਣ ਦੀ ਕਾਰ ਸੇਵਾ ਇਲਾਕੇ ਦੇ ਸੰਤਾਂ-ਮਹਾਂਪੁਰਸ਼ਾਂ ਨੇ ਆਰੰਭ ਕੀਤੀ। ਵੇਈਂ ਕਿਨਾਰੇ ਦਾ ਇਹ ਰਸਤਾ ਗੁਰਦੁਆਰਾ ਸੰਤ ਘਾਟ ਨੂੰ ਜਾਂਦਾ ਹੈ ਤੇ ਇੱਕ ਪਾਸੇ ਦਾ ਸੁਲਤਾਨਪੁਰ ਲੋਧੀ ਸ਼ਹਿਰ ਨਾਲ ਜਾ ਜੁੜਦਾ ਹੈ। ਵੇਈਂ ਦੇ ਪਵਿੱਤਰ ਰਸਤੇ ‘ਤੇ ਸੇਵਾ ਸ਼ੁਰੂ ਕਰਨ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ੫੫੧ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ।ਇੰਟਰਲੌਕ ਲਗਾਉਣ ਦੀ ਅੱਜ ਕਾਰ ਸੇਵਾ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਲੀਡਰ ਸਿੰਘ ਗੁਰਦੁਆਰਾ ਟਾਹਲੀ ਸਾਹਿਬ ਤੇ ਗੁਰਦੁਆਰਾ ਗੁਰੂਸਰ ਸਫੈਲਾਬਾਦ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਲਬੀਰ ਸਿੰਘ ਰੱਬਜੀ, ਮਹਾਤਮਾ ਮੁਨੀ ਖੈੜਾ ਬੇਟ, ਸੰਤ ਸੁਖਜੀਤ ਸਿੰਘ ਨਿਰਮਲ ਕੁਟੀਆ ਲੋਹੀਆ, ਸੰਤ ਸੁਖਜੀਤ ਸਿੰਘ ਸੀਚੇਵਾਲ ਦੇ ਇਲਾਕੇ ਦੀਆਂ ਹੋਰ ਮੋਹਤਬਾਰ ਸ਼ਖਸੀਅਤਾਂ ਨੇ ਆਪਣੇ ਕਰ ਕਮਲਾਂ ਨਾਲ ਸ਼ੁਰੂ ਕਰਵਾਈ। ਇਸ ਤੋਂ ਪਹਿਲਾਂ ਨਿਰਮਲ ਕੁਟੀਆ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ  ਗੁਰੂ ਨਾਨਕ ਦੇਵ ਜੀ ਦਾ ੫੫੧ਵਾਂ ਪ੍ਰਕਾਸ਼ ਪੁਰਬ ੩੦ ਨਵੰਬਰ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਉਪਰ ਬੜੀ ਸ਼ਰਧਾਪੂਰਵਕ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਰੋਨਾ ਮਹਾਂਮਾਰੀ ਤੋਂ ਵੀ ਸੰਗਤਾਂ ਨੂੰ ਸੁਚੇਤ ਕੀਤਾ ਕਿ ਇਹ ਸਮਾਂ ਇਸ ਤੋਂ ਅਵੇਸਲੇ ਹੋਣ ਦਾ ਨਹੀਂ ਹੈ। ਸਗੋਂ ਪਹਿਲਾਂ ਤੋਂ ਵੱਧ ਚੌਕਸੀ ਵਰਤਣ ਦੀ ਲੋੜ ਹੈ।ਇਸ ਮੌਕੇ ਸੰਤ ਸੀਚੇਵਾਲ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਰਿਆਂ ਨੂੰ ਹਵਾ, ਪਾਣੀ ਤੇ ਧਰਤੀ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਅਤੇ ਸੀਚੇਵਾਲ ਹਲਕੇ ਦੇ ਕਿਸਾਨ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਵਾਤਾਵਰਣ ਸੰਭਾਲ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਆਪਣੇ ਖੇਤਾਂ ਵਿੱਚ ਮਲਚ ਕਰਨ ਅਤੇ ਬੇਲਰ ਰਾਹੀਂ ਸੰਭਾਲ ਪਿਛਲੇ ੫ ਸਾਲਾਂ ਤੋਂ ਸਫਲਤਾਪੂਰਵਕ ਕਰ ਰਹੇ ਹਨ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਰਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤਾਂ ਵਿੱਚ ਵਹਾਉਣ ਨੂੰ ਤਰਜੀਹ ਦੇਣ। ਪੰਜਾਬ ਦੀ ਬਾਸਮਤੀ ਵਿਦੇਸ਼ਾਂ ਵਿੱਚ ਇਸ ਕਰਕੇ ਨਹੀਂ ਵਿਕ ਰਹੀ ਕਿ ਇੱਥੇ ਕੀਟਨਾਸ਼ਕ ਤੇ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਸਾਂਝੀ ਤੇ ਕੁਦਰਤੀ ਖੇਤੀ ਵੱਲ ਪਰਤ ਕੇ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸ਼ੰਟੀ, ਦਮਦਮਾ ਸਾਹਿਬ ਠੱਠਾ ਤੋਂ ਫੌਜੀ ਕਸ਼ਮੀਰ ਸਿੰਘ, ਤੀਰਥ ਸਿੰਘ ਹੁੰਦਲ, ਅਮਰੀਕ ਸਿੰਘ ਸੰਧੂ, ਗੁਰਵਿੰਦਰ ਸਿੰਘ ਬੋਪਾਰਾਏ, ਸਤਨਾਮ ਸਿੰਘ ਸਾਧੀ, ਗੁਰਦੀਪ ਸਿੰਘ ਗੋਗਾ, ਦਇਆ ਸਿੰਘ, ਸਮੇਤ ਹੋਰ ਸੇਵਾਦਾਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।