
ਜਲੰਧਰ, 16 ਅਕਤੂਬਰ
ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਨੱਥ ਪਾਉਣ ਲਈ ਕਾਰਵਾਈ ਕਰਦਿਆਂ ਆਬਕਾਰੀ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਸ਼ੁੱਕਰਵਾਰ ਨੂੰ ਜਲੰਧਰ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਅਤੇ 18000 ਕਿਲੋ ਲਾਹਨ ਨਸ਼ਟ ਕਰ ਦਿੱਤੀ।ਇਸ ਛਾਪੇਮਾਰੀ ਵਿੱਚ ਆਬਕਾਰੀ ਇੰਸਪੈਕਟਰ ਸੁਖਵਿੰਦਰ ਮਸਤ ਜਗਤਾਰ ਸਿੰਘ, ਜਲੰਧਰ ਦੇ ਬਲਦੇਵ ਕਿਸ਼ਨ ਅਤੇ ਲੁਧਿਆਣਾ ਆਬਕਾਰੀ ਵਿਭਾਗ ਦੇ ਹਰਦੀਪ ਸਿੰਘ ਸ਼ਾਮਿਲ ਸਨ ਅਤੇ ਐਸਐਚਓ ਬਿਲਗਾ ਨੇ ਫਿਲੌਰ ਅਤੇ ਬਿਲਗਾ ਕਸਬੇ ਵਿੱਚ ਪੈਂਦੇ ਪਿੰਡ ਮਊ ਸਾਬ ਸੰਗੋਵਾਲ, ਬੁਰਜ ਵਿੱਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ 45 ਤਰਪਾਲਾਂ, 8 ਡਰੱਮ, ਜਿਨ੍ਹਾਂ ਵਿੱਚੋਂ ਲਗਭਗ 18000 ਕਿੱਲੋ ਲਾਹਣ ਬਰਾਮਦ ਕੀਤੀ ਗਈ, ਮੌਕੇ ‘ਤੇ ਨਸ਼ਟ ਕਰ ਦਿੱਤੀ ਗਈ।ਇਸ ਤੋਂ ਇਲਾਵਾ ਵਿਸ਼ੇਸ਼ ਸੂਚਨਾ ਦੇ ਅਧਾਰ ‘ਤੇ ਐਕਸਾਈਜ਼ ਇੰਸਪੈਕਟਰਾਂ ਰਾਮ ਮੂਰਤੀ, ਰਵਿੰਦਰ ਸਿੰਘ ਵੱਲੋਂ ਸੀਆਈਏ ਸਟਾਫ ਨਾਲ ਨਕੋਦਰ ਰੋਡ ‘ਤੇ ਇਕ ਨਾਕਾ ਲਾਇਆ ਗਿਆ ਅਤੇ ਚਿੱਟੇ ਰੰਗ ਦੀ ਆਲਟੋ (ਐਚਆਰ 70-5027) ਵਿੱਚੋਂ 15 ਪੇਟੀਆਂ ਮਾਅਰਕਾ ਕੈਸ਼ ਵਿਸਕੀ ਬਰਾਮਦ ਕੀਤੀ ਗਈ। ਮੁਲਜ਼ਮ ਦੀ ਪਹਿਚਾਣ ਅਮਨਪ੍ਰੀਤ ਸਿੰਘ ਬਸਤੀ ਸ਼ੇਖ ਵਜੋਂ ਹੋਈ ਹੈ।ਇਕ ਬੁਲਾਰੇ ਨੇ ਦੱਸਿਆ ਕਿ ਛਾਪੇਮਾਰੀ ਸਹਾਇਕ ਕਮਿਸ਼ਨਰ ਆਬਕਾਰੀ ਪਵਨਜੀਤ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕੀਤੀ ਗਈ।ਉਨ੍ਹਾਂ ਕਿਹਾ ਕਿ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਖਿਲਾਫ਼ ਵਿਸ਼ੇਸ਼ ਮੁਹਿੰਮ ਪਹਿਲਾਂ ਤੋਂ ਹੀ ਚੱਲ ਰਹੀ ਹੈ ਅਤੇ ਸੂਚਨਾ ਮਿਲਣ ‘ਤੇ ਪੁਲਿਸ ਤੇ ਆਬਕਾਰੀ ਅਧਿਕਾਰੀਆਂ ਵੱਲੋਂ ਸਾਂਝੇ ਤੌਰ ‘ਤੇ ਛਾਪੇਮਾਰੀ ਕੀਤੀ ਗਈ ਹੈ।ਉਨ੍ਹਾਂ ਕਿਹਾ ਗੈਰ ਕਾਨੂੰਨੀ ਸ਼ਰਾਬ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿਚ ਸ਼ਾਮਿਲ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਵਿੱਚ ਵੱਖ-ਵੱਖ ਮਾਮਲੇ ਦਰਜ ਕੀਤੇ ਜਾ ਰਹੇ ਹਨ।