ਜਲੰਧਰ, 17 ਅਕਤੂਬਰ
ਸਮਾਰਟ ਵਿਲੇਜ ਮੁਹਿੰਮ ਫੇਜ਼-2 ਅਧੀਨ ਜ਼ਿਲ੍ਹੇ ਭਰ ਦੇ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸ਼ਨੀਵਾਰ ਨੂੰ ਜਲੰਧਰ ਦੇ 106 ਪਿੰਡਾਂ ਵਿਚ 149.21 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ 3201 ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸਮਾਰਟ ਵਿਲੇਜ ਮੁਹਿੰਮ ਫੇਜ਼-2 ਦੇ ਵਰਚੂਅਲ ਉਦਘਾਟਨ ਸਮਾਰੋਹ ਮੌਕੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਇਕ ਵੀਡੀਓ ਕਾਨਫਰੰਸ ਵਿਚ ਹਿੱਸਾ ਲੈਂਦੇ ਹੋਏ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਹ ਪ੍ਰਾਜੈਕਟ ਦਿਹਾਤੀ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਸਹਾਇਕ ਸਾਬਤ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਪਰਗਟ ਸਿੰਘ, ਰਜਿੰਦਰ ਬੇਰੀ, ਸੁਸ਼ੀਲ ਕੁਮਾਰ ਰਿੰਕੂ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਮੇਅਰ ਜਗਦੀਸ਼ ਰਾਜ ਰਾਜਾ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੀ ਮੌਜੂਦ ਸਨ।
ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਯੋਜਨਾ ਦੇ ਪਹਿਲੇ ਪੜਾਅ ਦੌਰਾਨ 41.46 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ ਦੇ 96 ਪਿੰਡਾਂ ਵਿਚ ਵਿਕਾਸ ਪ੍ਰਾਜੈਕਟਾਂ ਨੂੰ ਯਕੀਨੀ ਬਣਾਇਆ ਅਤੇ ਦੂਜੇ ਪੜਾਅ ਵਿਚ ਸੜਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ, ਸਟ੍ਰੀਟ ਲਾਈਟ ਸਿਸਟਮ, ਨਵੀਂਆਂ ਸੀਵਰੇਜ ਲਾਈਨਾਂ ਪਾਉਣਾ, ਥਾਪਰ ਮਾਡਲ ਪੌਂਡਜ਼ ਦੀ ਸਥਾਪਨਾ, ਇੰਟਰਲਾਕਿੰਗ ਟਾਈਲਾਂ, ਸ਼ਮਸ਼ਾਨਘਾਟਾਂ ਵਿਚ ਸ਼ੈੱਡ, ਠੋਸ ਕੂੜਾ ਪ੍ਰਬੰਧਨ, ਸੀਵਰੇਜ ਵੇਸਟ ਦਾ ਨਿਪਟਾਰਾ, ਪੰਚਾਇਤ ਘਰਾਂ ਦੀ ਉਸਾਰੀ, ਨਵੇਂ ਖੇਡ ਮੈਦਾਨ, ਕਮਿਊਨਿਟੀ ਸੈਂਟਰ ਸਮੇਤ 3201 ਵਿਕਾਸ ਪ੍ਰਾਜੈਕਟ ਜਲਦੀ ਸ਼ੁਰੂ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ 2774 ਕਰੋੜ ਦੀ ਲਾਗਤ ਨਾਲ ਐਸ.ਵੀ.ਸੀ. ਦਾ ਉਦੇਸ਼ ਪੇਂਡੂ ਖੇਤਰਾਂ ਨੂੰ ਸ਼ਹਿਰਾਂ ਵਰਗਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਹੈ ਤਾਂ ਜੋ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਅਜਿਹੀਆਂ ਸਹੂਲਤਾਂ ਲਈ ਸ਼ਹਿਰਾਂ ਵੱਲ ਨਾ ਤੱਕਣ।ਆਸ਼ੂ ਨੇ ਅੱਗੇ ਦੱਸਿਆ ਕਿ ਜਲੰਧਰ ਪੂਰਬੀ ਬਲਾਕ ਦੇ 8 ਪਿੰਡ, ਭੋਗਪੁਰ ਬਲਾਕ ਦੇ 9 ਪਿੰਡ, ਮਹਿਤਪੁਰ ਦੇ 9 ਪਿੰਡ, ਨੂਰਮਹਿਲ ਦੇ 9 ਪਿੰਡ, ਫਿਲੌਰ ਦੇ 9ਪਿੰਡ, ਨਕੋਦਰ ਦੇ 10 ਪਿੰਡ, ਲੋਹੀਆਂ ਦੇ 10 ਪਿੰਡ, ਜਲੰਧਰ ਪੱਛਮ ਦੇ 10 , ਰੁੜਕਾਂ ਕਲਾਂ ਦੇ 10, ਆਦਮਪੁਰ ਦੇ 11 ਪਿੰਡ ਅਤੇ ਸ਼ਾਹਕੋਟ ਬਲਾਕ ਦੇ 11 ਪਿੰਡ ਦੂਸਰੇ ਪੜਾਅ ਲਈ ਚੁਣੇ ਗਏ ਹਨ।ਮੰਤਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਪੂਰਬੀ ਬਲਾਕ ਦੇ ਵਿਕਾਸ ਪ੍ਰਾਜੈਕਟਾਂ ‘ਤੇ 14.67 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਜਲੰਧਰ ਪੱਛਮੀ ਵਿੱਚ 25.26 ਕਰੋੜ ਰੁਪਏ, ਆਦਮਪੁਰ ਵਿੱਚ 12.85 ਕਰੋੜ ਰੁਪਏ, ਭੋਗਪੁਰ ਵਿਚ 13.26 ਕਰੋੜ ਰੁਪਏ, ਨਕੋਦਰ ਵਿਚ 16.90 ਕਰੋੜ ਰੁਪਏ, ਫਿਲੌਰ ਵਿਚ 18.56 ਕਰੋੜ ਰੁਪਏ, ਸ਼ਾਹਕੋਟ ਵਿੱਚ 10.76 ਕਰੋੜ ਰੁਪਏ, ਨੂਰਮਹਿਲ ਵਿਚ 10.23 ਕਰੋੜ ਰੁਪਏ. ਰੁੜਕਾਂ ਕਲਾਂ ਵਿਚ 8.32 ਕਰੋੜ ਰੁਪਏ, ਲੋਹੀਆਂ ਵਿਚ 10.55 ਕਰੋੜ ਰੁਪਏ ਅਤੇ ਮਹਿਤਪੁਰ ਬਲਾਕ ਵਿੱਚ 78.05 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕਰਨ ਵਾਲੀ ਮਨਕੋ ਪਿੰਡ ਦੀ ਸਰਪੰਚ ਕਮਲੇਸ਼ ਰਾਣੀ ਨੇ ਉਨ੍ਹਾਂ ਦੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਸਮਾਰਟ ਵਿਲਜ ਸਕੀਮ ਦੀ ਸ਼ਲਾਘਾ ਕੀਤੀ ਅਤੇ ਪਿੰਡ ਵਿਚ 35 ਲੱਖ ਰੁਪਏ ਦੀ ਗ੍ਰਾਂਟ ਨਾਲ ਬਿਹਤਰ ਸੜਕ ਨੈੱਟਵਰਕ, ਸੀਵਰੇਜ ਅਤੇ ਸਟਰੀਟ ਲਾਈਟਿੰਗ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ 66 ਥਾਵਾਂ ‘ਤੇ ਉਦਘਾਟਨ ਸਮਾਗਮ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿਚ ਸਰਪੰਚਾਂ ਅਤੇ ਪੰਚਾਂ ਨੇ ਵੀਡੀਓ ਕਾਨਫਰੰਸ ਰਾਹੀਂ ਹਿੱਸਾ ਲਿਆ। ਪੰਚਾਇਤਾਂ ਦੀ ਸ਼ਮੂਲੀਅਤ ਨੂੰ ਉਨ੍ਹਾਂ ਦੇ ਪਿੰਡਾਂ ਦੀ ਮੁਕੰਮਲ ਵਿਕਾਸ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਸਮਰੱਥ ਅਤੇ ਸ਼ਕਤੀਸ਼ਾਲੀ ਬਣਾਉਣ ਦੇ ਇੱਕ ਕਦਮ ਵਜੋਂ ਦੇਖਿਆ ਗਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐਸ.ਡੀ.ਐਮ ਡਾ. ਜੈ ਇੰਦਰ ਸਿੰਘ, ਡਿਪਟੀ ਸੀ.ਈ.ਓ ਜ਼ਿਲ੍ਹਾ ਪ੍ਰੀਸ਼ਦ ਧਰਮਪਾਲ, ਡੀ.ਐਫ.ਐੱਸ.ਸੀ ਨਰਿੰਦਰ ਸਿੰਘ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਲਾਲੀ, ਰਾਜਿੰਦਰ ਪਾਲ ਸਿੰਘ ਰਾਣਾ ਰੰਧਾਵਾ, ਹਨੀ ਜੋਸ਼ੀ ਅਤੇ ਹੋਰ ਹਾਜ਼ਰ ਸਨ।