ਅਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਿੱਖ ਜਥੇਬੰਦੀਆਂ ਵਿਚਕਾਰ ਇਕ ਵਾਰ ਫਿਰ ਟਕਰਾਅ ਹੋਇਆ ਹੈ। ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸੇ ਵਲੋਂ ਇਕ ਵਾਰ ਫਿਰ ਸ਼੍ਰੋਮਣੀ ਕਮੇਟੀ ਦਫਤਰ ਬਾਹਰੋਂ ਤਾਲਾ ਲਗਾਇਆ ਗਿਆ। 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸਤਿਕਾਰ ਕਮੇਟੀ ਵਲੋਂ ਪਿਛਲੇ 40 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸੇ ਨਾਲ ਧੱਕਾ ਮੁੱਕੀ ਹੋਣ ਦੀ ਖ਼ਬਰ ਹੈ। ਉੱਥੇ ਹੀ, ਕੁੱਝ ਪੱਤਰਕਾਰਾਂ ਨਾਲ ਵੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਬਦਸਲੂਕੀ ਕੀਤੀ ਗਈ ਹੈ।ਅੱਜ ਜਦੋਂ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸੇ ਵਲੋਂ ਸ਼੍ਰੋਮਣੀ ਕਮੇਟੀ ਦੇ ਦਫਤਰ ਨੂੰ ਫਿਰ ਤੋਂ ਜਿੰਦਾ ਲਾ ਕੇ ਬੰਦ ਕੀਤਾ ਗਿਆ ਅਤੇ ਦੂਸਰੇ ਗੇਟ ‘ਤੇ ਧਰਨਾ ਲਗਾ ਕੇ ਬੰਦ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਤਿਕਾਰ ਕਮੇਟੀ ਵਿਚਕਾਰ ਜ਼ਬਰਦਸਤ ਟਕਰਾਅ ਹੋਇਆ ਜਿਸ ‘ਚ ਤਲਵਾਰਾਂ ਤੇ ਡਾਂਗਾ ਚੱਲੀਆਂ।ਕਈ ਸਿੱਖ ਜਥੇਬੰਦੀਆਂ ਤੇ ਐਸ.ਜੀ.ਪੀ.ਸੀ ਦੀ ਟਾਸਕ ਫੋਰਸ ਦੇ ਮੈਂਬਰ ਇਸ ਟਕਰਾਅ ‘ਚ ਜ਼ਖਮੀ ਹੋਣ ਦੀ ਖਬਰ ਹੈ। ਫਿਲਹਾਲ ਮੌਕੇ ‘ਤੇ ਐਂਬੂਲੈਂਸ ਬੁਲਾਈ ਗਈ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਭੇਜਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਕਾਰਨ ਸਿੱਖ ਕਾਰਕੁਨਾਂ ਦੇ ਕਈ ਸਾਥੀਆਂ ਨੂੰ ਸੱਟਾਂ ਵੀ ਲੱਗੀਆਂ।ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਧਰਨੇ ਵਾਲੀ ਥਾਂ ਖਾਲੀ ਕਰਵਾ ਦਿੱਤੀ ਹੈ। ਸਿੱਖ ਕਾਰਕੁਨਾਂ ਵੱਲੋਂ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਨੂੰ ਤਾਲਾ ਮਾਰ ਕੇ ਬੰਦ ਕਰਨ ਦਾ ਯਤਨ ਕੀਤਾ ਜਾ ਚੁੱਕਾ ਹੈ।