ਫਗਵਾੜਾ 26 ਅਕਤੂਬਰ (ਸ਼ਿਵ ਕੋੜਾ) ਜਿਲਾ ਹੁਸ਼ਿਆਰਪੁਰ ਅਧੀਨ ਉੜਮੁੜ ਟਾਂਡਾ ਦੇ ਪਿੰਡ ਜਲਾਲਪੁਰ ‘ਚ ਛੇ ਸਾਲਾ ਮਾਸੂਮ ਬੱਚੀ ਦੇ ਹੋਏ ਜਬਰ ਜਿਨਾਹ ਅਤੇ ਕਤਲ ਕਾਂਡ ਦੀ ਸਖਤ ਨਖੇਦੀ ਕਰਦੇ ਹੋਏ ਬਸਪਾ ਦੇ ਨੌਜਵਾਨ ਆਗੂ ਅਰੁਣ ਸੁਮਨ ਨੇ ਕਿਹਾ ਕਿ ਜਿਸ ਤਰਾ ਯੂ.ਪੀ. ਦੇ ਹਾਥਰਸ ਦੀ ਘਟਨਾ ਯੋਗੀ ਸਰਕਾਰ ਦੇ ਮੱਥੇ ਦਾ ਕਲੰਕ ਹੈ ਉਸੇ ਤਰਾ ਜਲਾਲਪੁਰ ਦੀ ਘਟਨਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਨਾਲ ਹੀ ਮਨੁੱਖਤਾ ਦੇ ਮੱਥੇ ਦਾ ਵੀ ਕਲੰਕ ਹੈ। ਇਸ ਤਰਾ ਦੀ ਘਿਣੋਣੀ ਹਰਕਤ ਕਰਨ ਵਾਲੇ ਨੂੰ ਇਕ ਮਹੀਨੇ ਦੇ ਅੰਦਰ ਸਰੇਆਮ ਫਾਂਸੀ ਦੀ ਸਜਾ ਦਾ ਕਾਨੂੰਨ ਬਣਾਇਆ ਜਾਵੇ ਕਿਉਂਕਿ ਜਦੋਂ ਤੱਕ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਅੰਦਰ ਸਰੇਆਮ ਫਾਂਸੀ ਦੀ ਸਜਾ ਵਰਗਾ ਖੌਫ ਪੈਦਾ ਨਹੀਂ ਹੋਵੇਗਾ ਉਸ ਸਮੇਂ ਤੱਕ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ। ਉਹਨਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਵਾਸੀ ਮਜਦੂਰ ਪਰਿਵਾਰ ਦੀ ਬੱਚੀ ਨਾਲ ਹੋਏ ਇਸ ਨਾਕਾਬਿਲੇ ਮਾਫੀ ਗੁਨਾਹ ਦੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਫਾਂਸੀ ਦੇ ਫੰਦੇ ਤੱਕ ਪਹੁੰਚਾਇਆ ਜਾਵੇ ਅਤੇ ਪੀੜਤ ਪਰਿਵਾਰ ਦੀ ਹਰ ਸੰਭਵ ਮੱਦਦ ਕੀਤੀ ਜਾਵੇ।