ਫਗਵਾੜਾ 26 ਅਕਤੂਬਰ (ਸ਼ਿਵ ਕੋੜਾ) ਫਗਵਾੜਾ ਦੇ ਬੰਗਾ ਰੋਡ ਵਿਖੇ ਬਿਜਲੀ ਘਰ ਦੇ ਨਜਦੀਕ ਸੜਕ ਕਿਨਾਰੇ ਉੱਗੇ ਸਰਕੰਡਿਆਂ ਨੂੰ ਲੱਗੀ ਅੱਗ ਉਪਰ ਫਾਇਰ ਬ੍ਰਿਗੇਡ ਦੀ ਟੀਮ ਵਲੋਂ ਤੁਰੰਤ ਪੁੱਜ ਕੇ ਕਾਬੂ ਪਾ ਲੈਣ ਨਾਲ ਅੱਜ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਮੋਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਿਹਰ ਕਰੀਬ ਤਿੰਨ ਵਜੇ ਸੜਕ ਦੇ ਉਪਰੋਂ ਲੰਘਦੀਆਂ ਤਾਰਾਂ ‘ਚ ਹੋਈ ਸਪਾਰਕਿੰਗ ਨਾਲ ਸਰਕੰਡਿਆਂ ਨੂੰ ਅੱਗ ਲਗ ਗਈ ਜੋ ਕਿ ਨਾਲ ਲੱਗਦੇ ਪਲਾਟ ਵਿਚ ਵੀ ਫੈਲਦੀ ਜਾ ਰਹੀ ਸੀ। ਸੂਚਨਾ ਮਿਲਣ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਵਲੋਂ ਤੁਰੰਤ ਬਿਜਲੀ ਦੀ ਸਪਲਾਈ ਬੰਦ ਕਰਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਥੋੜੀ ਦੇਰ ਵਿਚ ਹੀ ਅੱਗ ਤੇ ਕਾਬੂ ਪਾ ਲਿਆ ਗਿਆ। ਗਨੀਮਤ ਇਹ ਰਹੀ ਕਿ ਇਸ ਅੱਗ ਦੀ ਚਪੇਟ ਵਿਚ ਬਿਜਲੀ ਦੇ ਖੰਬਿਆਂ ਤੇ ਲੱਗੇ ਵੱਡੇ ਟਰਾਂਸਫਾਰਮਰ ਅਤੇ ਹਾਈ ਵੋਲਟੇਜ ਤਾਰਾਂ ਤੱਕ ਇਸ ਅੱਗ ਨੂੰ ਪੁੱਜਣ ਤੋਂ ਰੋਕ ਲਿਆ ਗਿਆ। ਜਿਕਰਯੋਗ ਹੈ ਕਿ ਬੰਗਾ ਰੋਡ ਬਸਰਾ ਪੈਲੇਸ ਚੌਕ ਤੋਂ ਅੱਗੇ ਬਿਜਲੀ ਘਰ ਵਾਲੇ ਪਾਸੇ ਕਾਫੀ ਸਰਕੰਡੇ ਸੜਕ ਕਿਨਾਰੇ ਉੱਗੇ ਹੋਏ ਹਨ ਅਤੇ ਗੰਦਗੀ ਦੇ ਢੇਰ ਵੀ ਲੱਗੇ ਹਨ ਜਿਹਨਾਂ ਨੂੰ ਕਿਸੇ ਵੀ ਸਮੇਂ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰਨ ਦਾ ਖਤਰਾ ਹੈ।