ਜਲੰਧਰ, 7 ਨਵੰਬਰ

                70 ਸਾਲਾ ਬਜ਼ੁਰਗ ਮਹਿਲਾ ਕਮਲੇਸ਼ ਕੁਮਾਰੀ (ਬੇਬੇ ਜੀ), ਜੋ ਫਗਵਾੜਾ ਗੇਟ ਮਾਰਕੀਟ ਵਿਚ ਕਰੀਬ 30 ਸਾਲਾਂ ਤੋਂ ਸ਼ਾਮ ਤੋਂ ਅੱਧੀ ਰਾਤ ਤੱਕ ਪਰੌਂਠੇ ਬਣਾਉਣ ਦੀ ਇਕ ਛੋਟੀ ਜਿਹੀ ਦੁਕਾਨ ਚਲਾ ਰਹੀ ਹੈ, ਨੂੰ ਵਿੱਤੀ ਸਹਾਇਤਾ ਦੇਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਨ ਥੋਰੀ ਨੇ ਸ਼ਨੀਵਾਰ ਨੂੰ 50,000 ਰੁਪਏ ਦਾ ਚੈੱਕ ਜਾਰੀ ਕੀਤਾ। ਐਸਡੀਐਮ ਡਾ. ਜੈਇੰਦਰ ਸਿੰਘ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਬੈਂਸ ਦੇ ਨਾਲ ਅੱਜ ਪ੍ਰਕਾਸ਼ ਨਗਰ ਇਲਾਕੇ ਵਿੱਚ ਕਮਲੇਸ਼ ਕੁਮਾਰੀ ਦੇ ਘਰ ਪੁੱਜੇ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਵਿੱਤੀ ਸਹਾਇਤਾ ਦਾ ਚੈਕ ਸੌਂਪਿਆ।

                ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਇਹ ਵਿੱਤੀ ਸਹਾਇਤਾ ਸੀਐਸਆਰ ਫੰਡਜ਼ ਵਿੱਚੋਂ ਇਸ ਬਜ਼ੁਰਗ ਉਦਮੀ ਨੂੰ ਉਤਸ਼ਾਹ ਵਜੋਂ ਪ੍ਰਦਾਨ ਕੀਤੀ ਗਈ ਹੈ।

                ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਜ਼ੁਰਗ ਮਹਿਲਾ ਕਮਲੇਸ਼ ਕੁਮਾਰੀ ਨੂੰ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਹਾਇਤਾ ਜਲਦੀ ਹੀ ਕਮਲੇਸ਼ ਕੁਮਾਰੀ ਨੂੰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪ੍ਰਸ਼ਾਸਨ ਨੂੰ ਬਜ਼ੁਰਗ ਮਹਿਲਾ ਨੂੰ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮਦਦ ਕਰਨ ਲਈ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

                ਥੋਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਮਲੇਸ਼ ਕੁਮਾਰੀ ਨੂੰ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਸਬ ਡਵੀਜ਼ਨਲ ਮੈਜਿਸਟਰੇਟ ਵੱਲੋਂ ਅੱਜ ਬਜ਼ੁਰਗ ਮਹਿਲਾ ਦੇ ਘਰ ਦਾ ਦੌਰਾ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਮਦਦ ਪ੍ਰਦਾਨ ਕੀਤੀ ਜਾ ਸਕੇ।