ਫਗਵਾੜਾ 7 ਨਵੰਬਰ (ਸ਼ਿਵ ਕੋੜਾ) ਸਰਕਾਰੀ ਗ੍ਰਾਂਟ ਨਾਲ ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਸਟਾਫ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਸਮਾਰਟ ਸਕੂਲਾਂ ਵਜੋਂ ਵਿਕਸਿਤ ਕੀਤੇ ਸਰਕਾਰੀ ਸਕੂਲਾਂ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ-19 ਕੋਰੋਨਾ ਮਹਾਮਾਰੀ ਦੇ ਚਲਦਿਆਂ ਅੱਜ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਮੌਜੂਦਗੀ ਵਿਚ ਆਨਲਾਈਨ ਉਦਘਾਟਨ ਕੀਤਾ ਗਿਆ। ਇਸ ਲੜੀ ਤਹਿਤ ਪਿੰਡ ਮੌਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਵੀ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਵਿਸ਼ੇਸ਼ ਸਹਿਯੋਗ ਸਦਕਾ ਸਮਾਰਟ ਸਕੂਲ ਦਾ ਰੂਪ ਦਿੱਤਾ ਗਿਆ ਹੈ। ਅੱਜ ਉਦਘਾਟਨ ਮੌਕੇ ਸਕੂਲ ਵਿਚ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਜਿਲਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ ਅਤੇ ਬਲਾਕ ਸੰਮਤੀ ਫਗਵਾੜਾ ਦੀ ਵਾਈਸ ਚੇਅਰਮੈਨ ਬੀਬੀ ਰੇਸ਼ਮ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮੂਹ ਹਾਜਰੀਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਨਲਾਈਨ ਸੰਬੋਧਨ ਐਲ.ਈ.ਡੀ. ਸਕ੍ਰੀਨ ਰਾਹੀਂ ਸੁਣਿਆ। ਉਪਰੰਤ ਬੀਬੀ ਨਿਸ਼ਾ ਰਾਣੀ ਅਤੇ ਰੇਸ਼ਮ ਕੌਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਰੂਪ ਦੇਣ ਨਾਲ ਇੱਥੇ ਪੜਨ ਵਾਲੇ ਗਰੀਬ ਪਰਿਵਾਰਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵੀ ਵਧੀਆ ਸਹੂਲਤਾਂ ਮਿਲਣਗੀਆਂ ਜੋ ਕਿ ਵਧੀਆ ਉਪਰਾਲਾ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸੀਮਾ ਮਿਨਹਾਸ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁੱਚਾ ਰਾਮ ਮੌਲੀ, ਸਰਪੰਚ ਸੁਲੱਖਣ ਸਿੰਘ ਮੌਲੀ, ਸਕੂਲ ਸਟਾਫ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।