ਫਗਵਾੜਾ 10 ਨਵੰਬਰ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ (ਬ) ਨਾਲ ਸਬੰਧਤ ਟਕਸਾਲੀ ਅਕਾਲੀ ਆਗੂ ਗਿ. ਭਗਤ ਸਿੰਘ ਭੁੰਗਰਨੀ ਨੇ ਮੰਗ ਕੀਤੀ ਹੈ ਕਿ ਚੰਡੀਗੜ ਸਮੇਤ ਪੰਜਾਬੀ ਬੋਲਦੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਨੂੰ ਸੂਬੇ ਵਿਚ ਸ਼ਾਮਲ ਕੀਤਾ ਜਾਵੇ। ਅੱਜ ਜਾਰੀ ਇਕ ਪ੍ਰੈਸ ਬਿਆਨ ਵਿਚ ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਤੋਂ ਆਜਾਦ ਭਾਰਤ ਵਿਚ ਹੋਈ ਸੂਬੇ ਦੀ ਕਾਣੀ ਵੰਡ ਦੀ ਖਿਲਾਫਤ ਕਰਦਾ ਰਿਹਾ ਹੈ। ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਅਗਵਾਈ ਹੇਠ ਮੋਰਚਾ ਵੀ ਲਗਾਇਆ ਗਿਆ ਜੋ ਤਕਰੀਬਨ 19 ਮਹੀਨੇ ਚੱਲਿਆ ਅਤੇ 75 ਹਜਾਰ ਸਿੰਘਾਂ ਨੇ ਗਿਰਫਤਾਰੀ ਦਿੱਤੀ। ਉਸ ਸਮੇਂ ਇੰਦਰਾ ਗਾਂਧੀ ਸਰਕਾਰ ਨੇ ਮੋਰਚੇ ਨੂੰ ਖਤਮ ਕਰਾਉਣ ਲਈ ਗਿਆਨੀ ਜੈਲ ਸਿੰਘ ਸਮੇਤ ਹੋਰ ਆਗੂਆਂ ਦੀ ਮੱਦਦ ਲਈ ਅਤੇ ਅਕਾਲੀਆਂ ਨੂੰ ਭਰੋਸਾ ਦੇਣ ਦੇ ਬਾਵਜੂਦ ਬੇਇਮਾਨੀ ਕੀਤੀ ਗਈ। ਉਹਨਾਂ ਕਿਹਾ ਕਿ ਕੇਂਦਰ ਦੀ ਹਰ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੈ। ਮੋਜੂਦਾ ਮੋਦੀ ਸਰਕਾਰ ਵੀ ਖੇਤੀ ਬਿਲਾਂ ਰਾਹੀਂ ਪੰਜਾਬ ਦੇ ਕਿਸਾਨਾ ਵਿਰੋਧੀ ਆਪਣੀ ਮਾਨਸਿਕਤਾ ਦਰਸਾ ਰਹੀ ਹੈ। ਪੰਜਾਬ ਵਿਚ ਸਿਆਸੀ ਫਾਇਦਾ ਲੈਣ ਲਈ 1984 ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਉਹਨਾਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਨਵੇਂ ਕਿਸਾਨੀ ਬਿਲ ਰੱਦ ਕੀਤੇ ਜਾਣ ਕਿਉਂਕਿ ਕਿਸਾਨ ਇਹਨਾਂ ਬਿਲਾਂ ਨਾਲ ਸਹਿਮਤ ਨਹੀਂ ਹਨ। ਉਹਨਾਂ ਕਿਹਾ ਕਿ ਕਿਸਾਨ ਅਤੇ ਪੰਜਾਬ ਦੇ ਹਿਤਾਂ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਦੀ ਸ਼ਾਂਤੀ ਨੂੰ ਕਾਇਮ ਰੱਖਣ ਲਈ ਇਸ ਸਰਹੱਦੀ ਸੂਬੇ ਦੇ ਅੰਨਦਾਤਾ ਕਿਸਾਨ ਅਤੇ ਇੱਥੋਂ ਦੀ ਮਾਂ ਬੋਲੀ ਪੰਜਾਬੀ ਦਾ ਕੇਂਦਰ ਨੂੰ ਸਤਿਕਾਰ ਕਰਨਾ ਜਰੂਰੀ ਹੈ।