ਫਗਵਾੜਾ :-  (ਸ਼ਿਵ ਕੋੜਾ) ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਸਪੋਕਸ ਪਰਸਨ ਅਵਤਾਰ ਸਿੰਘ ਮੰਡ ਨੇ ਕਿਸਾਨੀ ਨਾਲ ਜੁੜੇ ਅਹਿਮ ਮੁੱਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਧਿਆਨ ਵਿਚ ਲਿਆਉਂਦੇ ਹੋਏ ਹਲ ਕਰਾਉਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾ ਨੂੰ ਰਾਹਤ ਮਿਲ ਸਕੇ। ਇਸ ਦੌਰਾਨ ਉਹਨਾਂ ਕੇਂਦਰੀ ਵਿੱਤ ਮੰਤਰਾਲੇ ਦੇ ਨਾਮ ਇੱਕ ਪੱਤਰ ਵੀ ਦਿੱਤਾ ਅਤੇ ਦੱਸਿਆ ਕਿ ਬੈਂਕਾ ਵਲੋਂ ਕਿਸਾਨੀ ਸਬੰਧੀ ਕਰਜੇ ਦੇ ਛਮਾਹੀ ਦੀ ਜਗਾ ਕਰੀਬ 8 ਮਹੀਨੇ ਦਾ ਵਿਆਜ ਵਸੂਲਿਆ ਜਾ ਰਿਹਾ ਹੈ। ਇਸ ਤਰਾ ਕਿਸਾਨ ਨੂੰ ਅਡਵਾਂਸ ਵਿਆਜ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਸਰਕਾਰ ਨੇ ਸਾਰੇ ਵਿਆਜ ਜਾਂ ਕਿਸ਼ਤਾ ਲੇਟ ਦੇਣ ਦੀ ਸਹੂਲਤ ਦਿੱਤੀ ਹੈ ਪਰ ਬੈਂਕਾਂ ਵਲੋਂ ਕਰੋਨਾ ਕਾਲ ਦੋਰਾਨ ਜ਼ਮੀਨੀ ਰੇਟ ਘੱਟਣ ਦਾ ਬਹਾਨਾ ਲਗਾ ਕੇ ਕਿਸਾਨੀ ਲਿਮਿਟ ਨੂੰ ਘਟਾਇਆ ਜਾ ਰਿਹਾ ਹੈ ਅਤੇ ਪੈਸਾ ਨਾ ਉਤਾਰਨ ਦੀ ਸੂਰਤ ਵਿਚ 15 ਪ੍ਰਤਿਸ਼ਤ ਸਰਚਾਰਜ ਵਸੂਲਣ ਦੀ ਗੱਲ ਕਹੀ ਜਾ ਰਹੀ ਹੈ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਇੰਡਸਟਰੀ ਵਾਸਤੇ ਵਰਤੀ ਗਈ ਲਿਮਿਟ ਦਾ 20 ਪ੍ਰਤਿਸ਼ਤ ਬਿਨਾਂ ਕਿਸੇ ਗਰੰਟੀ ਤੋਂ ਘੱਟ ਵਿਆਜ ‘ਤੇ ਮੁਹੱਈਆ ਕੀਤਾ ਗਿਆ ਹੈ। ਅਵਤਾਰ ਸਿੰਘ ਮੰਡ ਨੇ ਦੱਸਿਆ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆ ਕੇ ਇਹਨਾਂ ਅਹਿਮ ਮਸਲਿਆਂ ਨੂੰ ਜਲਦੀ ਹਲ ਕਰਵਾਇਆ ਜਾਵੇਗਾ।