ਜਲੰਧਰ, 18 ਨਵੰਬਰ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਦਯਾ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬੁੱਧਵਾਰ ਨੂੰ ਜ਼ਿਲ੍ਹਾ ਨਿਆਂਇਕ ਕੰਪਲੈਕਸ ਵਿਖੇ ਕੋਵਿਡ -19 ਟੈਸਟਿੰਗ ਕੈਂਪ ਲਗਾਇਆ ਗਿਆ। ਇਹ ਕੈਂਪ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐਲਐਸਏ), ਜਲੰਧਰ ਦੀ ਚੇਅਰਪਰਸਨ ਰੁਪਿੰਦਰਜੀਤ ਚਾਹਲ ਦੀ ਨਿਗਰਾਨੀ ਹੇਠ ਲਗਾਇਆ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ 6 ਟੀਮਾਂ ਵੱਲੋਂ ਟੈਸਟ ਕੀਤੇ ਗਏ ਹਨ ਅਤੇ ਉਨ੍ਹਾਂ ਵੱਲੋਂ 600 ਤੋਂ ਵੱਧ ਸੈਂਪਲ ਇਕੱਤਰ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਮਾਣਯੋਗ ਜਸਟਿਸ ਦਯਾ ਚੌਧਰੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ, ਜੋ ਪ੍ਰਸ਼ਾਸਕੀ ਜੱਜ ਸੈਸ਼ਨ ਡਵੀਜ਼ਨ ਜਲੰਧਰ ਵੀ ਹਨ, ਦੀ ਯੋਗ ਅਗਵਾਈ ਹੇਠ ਇਹ ਕੈਂਪ ਕੋਰਟ ਕੰਪਲੈਕਸ ਦੇ ਵਿਹੜੇ ਵਿੱਚ ਲਗਾਇਆ ਗਿਆ, ਜਿਸ ਵਿੱਚ ਸਾਰੇ ਜੱਜਾਂ, ਅਦਾਲਤੀ ਅਮਲੇ, ਵਕੀਲਾਂ, ਉਨ੍ਹਾਂ ਦੇ ਕਲਰਕਾਂ ਅਤੇ ਅਦਾਲਤਾਂ ਵਿੱਚ ਆਏ ਲੋਕਾਂ ਦੇ ਸਿਹਤ ਟੀਮਾਂ ਵੱਲੋਂ ਕੋਵਿਡ ਟੈਸਟ ਕੀਤੇ ਗਏ।
ਰੁਪਿੰਦਰਜੀਤ ਚਾਹਲ ਨੇ ਦੱਸਿਆ ਕਿ ਇਹ ਟੈਸਟਿੰਗ ਇਸ ਤੱਥ ਦੇ ਮੱਦੇਨਜ਼ਰ ਕੀਤੀ ਗਈ ਹੈ ਕਿ ਮਾਣਯੋਗ ਜਸਟਿਸ ਦਯਾ ਚੌਧਰੀ ਨਿਆਂਇਕ ਅਧਿਕਾਰੀਆਂ, ਅਦਾਲਤੀ ਅਮਲੇ, ਵਕੀਲਾਂ ਅਤੇ ਅਦਾਲਤਾਂ ਵਿੱਚ ਆਉਣ ਵਾਲੇ ਲੋਕਾਂ ਦੀ ਸਿਹਤ ਪ੍ਰਤੀ ਬਹੁਤ ਚਿੰਤਤ ਹਨ।
ਉਨ੍ਹਾਂ ਅਦਾਲਤ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਆਪਣਾ ਟੈਸਟ ਕਰਵਾਉਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਕਿ ਜ਼ਿਲ੍ਹੇ ਦੀਆਂ ਅਦਾਲਤਾਂ ਦੇ ਕੰਮਕਾਜ ਕਾਰਨ ਕੋਵਿਡ -19 ਦੀ ਲਾਗ ਨਾ ਫੈਲੇ।
ਸੀਜੇਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਾਪਿੰਦਰ ਸਿੰਘ ਨੇ ਦੱਸਿਆ ਕਿ ਵਕੀਲਾਂ, ਕਲਰਕਾਂ ਅਤੇ ਅਦਾਲਤਾਂ ਵਿੱਚ ਆਉਣ ਵਾਲੇ ਲੋਕਾਂ ਦੇ ਫਾਇਦੇ ਲਈ ਟੈਸਟਿੰਗ ਕਾਊਂਟਰ ਜ਼ਿਲ੍ਹਾ ਅਦਾਲਤਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੀ ਕੰਮ ਕਰਨਾ ਜਾਰੀ ਰੱਖਣਗੇ।
ਟੈਸਟਿੰਗ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਹੋਰਨਾਂ ਤੋਂ ਇਲਾਵਾ ਸਿਵਲ ਜੱਜ (ਸੀਨੀਅਰ ਡਵੀਜ਼ਨ) ਕਪਿਲ ਅਗਰਵਾਲ, ਸੀਜੇਐਮਜ਼ ਅਮਿਤਾ ਸਿੰਘ, ਸੁਸ਼ਮਾ ਦੇਵੀ ਨੇ ਵਿਸ਼ੇਸ਼ ਯੋਗਦਾਨ ਦਿੱਤਾ।