ਫਗਵਾੜਾ 2 ਦਸੰਬਰ (ਸ਼ਿਵ ਕੋੜਾ) ਜੈ ਭੀਮ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਪੰਜਾਬ ਦੇ ਚੇਅਰਮੈਨ ਤੁਲਸੀ ਰਾਮ ਖੋਸਲਾ ਨੇ ਅੱਜ ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਲੀ ਬਾਰਡਰ ਤੇ ਮੋਦੀ ਸਰਕਾਰ ਖਿਲਾਫ ਧਰਨਾ ਲਗਾ ਕੇ ਬੈਠੇ ਕਿਸਾਨਾ ਦੀ ਹਮਾਇਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਭਾਰੀ ਵਿਰੋਧ ਦੇ ਬਾਵਜੂਦ ਵਾਪਸ ਨਾ ਲੈਣਾ ਨਿੰਦਣਯੋਗ ਹੈ। ਉਹਨਾਂ ਦਿੱਲੀ ਕਾਰਪੋਰੇਸ਼ਨ ਦੀਆਂ ਸਮੂਹ ਸਫਾਈ ਕਰਮਚਾਰੀ ਜੱਥੇਬੰਦੀਆਂ ਨੂੰ ਪੁਰਜੋਰ ਅਪੀਲ ਕਰਕੇ ਕਿਹਾ ਕਿ ਕਿਸਾਨਾ ਦੇ ਹੱਕ ਵਿਚ ਮੋਦੀ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟ ਦਿੱਤਾ ਜਾਵੇ ਅਤੇ ਜੇਕਰ ਫਿਰ ਵੀ ਕੇਂਦਰ ਸਰਕਾਰ ਕਾਨੂੰਨ ਵਾਪਸ ਲੈਣ ਦਾ ਐਲਾਨ ਨਹੀਂ ਕਰਦੀ ਤਾਂ ਹੜਤਾਲ ਕਰਕੇ ਕਿਸਾਨਾ ਦੇ ਅੰਦੋਲਨ ਵਿਚ ਸ਼ਿਰਕਤ ਕਰਨ। ਉਹਨਾਂ ਕਿਹਾ ਕਿ ਜਿਸ ਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ‘ਤੇ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਨੇ ਸ਼ਾਂਤੀ ਪੂਰਣ ਢੰਗ ਨਾਲ ਹਰਿਆਣਾ ਤੋਂ ਦਿੱਲੀ ਵਲ ਨੂੰ ਜਾ ਰਹੇ ਕਿਸਾਨਾ ਉੱਪਰ ਤਸ਼ੱਦਦ ਕੀਤਾ ਉਸਨੇ ਅੰਗ੍ਰੇਜੀ ਰਾਜ ਦੇ ਜੁਲਮ ਦੀ ਯਾਦ ਤਾਜਾ ਕਰ ਦਿੱਤੀ ਹੈ। ਸਵੇਰੇ 7 ਵਜੇ ਠੰਡ ‘ਚ ਕਿਸਾਨਾ ਉਪਰ ਠੰਡੇ ਪਾਣੀ ਦੀਆਂ ਬੋਛਾਰਾਂ ਅਤੇ ਅਥਰੂ ਗੈਸ ਦੇ ਗੋਲੇ ਸੁੱਟਣਾ ਖੱਟੜ ਸਰਕਾਰ ਦੀ ਨਲਾਇਕੀ ਦੱਸਦਿਆਂ ਤੁਲਸੀ ਰਾਮ ਖੋਸਲਾ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਨਾਲ ਅਜਿਹਾ ਸਲੂਕ ਭਾਜਪਾ ਅਤੇ ਆਰ.ਐਸ.ਐਸ. ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਮੋਦੀ ਸਰਕਾਰ ਨੂੰ ਚੰਗੀ ਤਰਾ ਨਾਲ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨਾ ਨਾਲ ਦੁਸ਼ਮਨੀ ਕਰਕੇ ਕੋਈ ਵੀ ਪਾਰਟੀ ਭਾਰਤ ਦੀ ਸੱਤਾ ਤੇ ਕਾਬਿਜ ਨਹੀਂ ਰਹਿ ਸਕਦੀ। ਇਸ ਮੌਕੇ ਬੰਟੀ ਨਾਹਰ, ਕੁਲਵਿੰਦਰ ਸਿੰਘ, ਬੱਬੂ, ਪਵਨ ਕੁਮਾਰ, ਧਰਮਪਾਲ ਬਾਲੀ, ਅਕਾਸ਼ ਮੱਟੂ, ਅਮਿਤ ਚੌਹਾਨ, ਅਸੁਰਪਾਲ, ਮਨੀ ਮਲਹੋਤਰਾ, ਅਮਰਜੀਤ ਸਿੰਘ, ਪੰਮਾ, ਨੰਦ, ਅਸ਼ਵਨੀ ਖੋਸਲਾ, ਰਮਨ ਖੋਸਲਾ ਆਦਿ ਹਾਜਰ ਸਨ!