ਜਲੰਧਰ 3 ਦਸੰਬਰ : ਪੰਜਾਬ ਕਿਸਾਨ ਸਭਾ , ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਦੀ ਸਾਂਝੀ ਮੀਟਿੰਗ ਅੱਜ ਇੱਥੇ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਵਿਖੇ ਕਾਮਰੇਡ ਗੁਰਚੇਤਨ ਸਿੰਘ ਬਾਸੀ , ਕਾਮਰੇਡ ਮਹਾਂ ਸਿੰਘ ਰੌੜੀ ਅਤੇ ਰਾਮ ਸਿੰਘ ਨੂਰਪੁਰੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੇਸ਼ ਦੇ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਇਤਿਹਾਸਕ ਸੰਘਰਸ਼ ਲਈ ਵਧਾਈ ਦਿੰਦਿਆ ਹੋਇਆ ਕਿਹਾ ਕਿ ਸੀ.ਪੀ.ਆਈ. ( ਐਮ. ) ਇਸ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਮੁਕੰਮਲ ਹਿਮਾਇਤ ਕਰ ਰਹੀ ਹੈ ਅਤੇ ਇਸ ਨੂੰ ਹੋਰ ਅੱਗੇ ਵਧਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੀਟਿੰਗ ਵਿੱਚ ਕਾਮਰੇਡ ਲਹਿੰਬਰ ਸਿੰਘ ਤੱਗੜ , ਮੇਜਰ ਸਿੰਘ ਭਿੱਖੀਵਿੰਡ , ਕੁਲਵਿੰਦਰ ਸਿੰਘ ਉੱਡਤ , ਸੁਖਦੇਵ ਸਿੰਘ ਬਾਸੀ , ਗੁਰਪਰਮਜੀਤ ਕੌਰ ਤੱਗੜ , ਲਾਲ ਸਿੰਘ ਧਨੌਲਾ , ਮੇਲ ਸਿੰਘ ਰੁੜਕਾ ਕਲਾਂ , ਮੂਲ ਚੰਦ ਸਰਹਾਲੀ , ਸੁੱਚਾ ਸਿੰਘ ਅਜਨਾਲਾ , ਰਾਮ ਮੂਰਤੀ ਸਿੰਘ , ਨਰਿੰਦਰ ਚਮਿਆਰੀ ਅਤੇ ਹੋਰ ਸਾਥੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਲੋਂ ਪੰਜਾਬ ਦੇ ਕਿਸਾਨਾਂ , ਖੇਤ ਮਜ਼ਦੂਰਾਂ , ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਵਹੀਰਾਂ ਘੱਤ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਤੁਰੰਤ ਦਿੱਲੀ ਮੋਰਚੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਮੀਟਿੰਗ ਵਿੱਚ ਸਾਰੀਆਂ ਜਥੇਬੰਦੀਆਂ ਵਲੋਂ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਦਿੱਤੇ ਗਏ ਸੱਦਿਆਂ ਨੂੰ ਪੰਜਾਬ ਭਰ ਵਿੱਚ ਵੱਧ ਚੜ•ਕੇ ਸਫ਼ਲ ਕਰਨ ਦਾ ਫੈਸਲਾ ਕੀਤਾ ਗਿਆ। ਇਨ•ਾਂ ਸੱਦਿਆ ਅਨੁਸਾਰ 3 ਦਸੰਬਰ ਤੋਂ 10 ਦਸੰਬਰ ਤੱਕ ਕਿਸਾਨ ਸੰਘਰਸ਼ ਨਾਲ ਇੱਕ ਮੁੱਠਤਾ ਸਪਤਾਹ ਮਨਾਉਣ ਦਾ ਹੋਕਾ ਦਿੱਤਾ ਗਿਆ। ਮੀਟਿੰਗ ਵਿੱਚ ਫੈਸਲੇ ਕੀਤੇ ਗਏ ਕਿ 5 ਦਸੰਬਰ ਨੂੰ ਸਾਰੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ , 6 ਦਸੰਬਰ ਨੂੰ ਡਾਕਟਰ ਬੀ.ਆਰ.ਅੰਬੇਡਕਰ ਦੀ ਬਰਸੀ ਵਾਲੇ ਦਿਨ ਸੰਵਿਧਾਨ ਬਚਾਓ ਦਿਵਸ ਮਨਾਇਆ ਜਾਵੇਗਾ ਅਤੇ 10 ਦਸੰਬਰ ਨੂੰ ਦੋ ਘੰਟੇ ਵਾਸਤੇ ਚੱਕਾ ਜਾਮ ਕੀਤਾ ਜਾਏਗਾ। ਇੱਕ ਮੁੱਠਤਾ ਸਪਤਾਹ ਦੇ ਬਾਕੀ ਦਿਨਾਂ ਦੌਰਾਨ ਅਤੇ ਇਸ ਤੋਂ ਬਾਅਦ ਵੀ ਕਿਸਾਨ ਸੰਘਰਸ਼ ਦੀ ਸਫ਼ਲਤਾ ਵਾਸਤੇ ਵਿਸ਼ਾਲ ਜਨਤਕ ਮੁਹਿੰਮ ਲਾਮਬੰਦ ਕੀਤੀ ਜਾਵੇਗੀ। ਸਾਰੇ ਪੰਜਾਬ ਵਾਸੀਆਂ ਨੂੰ ਉਪਰੋਕਤ ਸਾਰੇ ਐਕਸ਼ਨਾਂ ਨੂੰ ਸਫ਼ਲ ਕਰਨ ਲਈ ਦਿਨ ਰਾਤ ਇੱਕ ਕਰਨ ਦਾ ਹੋਕਾ ਦਿੱਤਾ ਗਿਆ।