ਜਲੰਧਰ 4 ਨਵੰਬਰ : ਸੀ.ਪੀ.ਆਈ. ( ਐਮ. ) ਦੇ ਪੰਜਾਬ ਸੂਬਾ ਸਕੱਤਰੇਤ ਦੀ ਇੱਕ ਅਹਿਮ ਮੀਟਿੰਗ ਇੱਥੇ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗਜ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਕੀਤੀ। ਮੀਟਿੰਗ ਵਿੱਚ ਕੀਤੇ ਗਏ ਫੈਸਲਿਆਂ ਬਾਰੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆ ਦੱਸਿਆ ਕਿ ਸੀ.ਪੀ.ਆਈ. ( ਐਮ. ) 8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਭਾਰਤ ਬੰਦ ਦੇ ਸੱਦੇ ਦਾ ਪੂਰਨ ਸਮੱਰਥਨ ਕਰੇਗੀ ਅਤੇ ਇਸ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਵੇਗੀ। ਮੀਟਿੰਗ ਵਿੱਚ ਚਲ ਰਹੇ ਕਿਸਾਨ ਸੰਘਰਸ਼ ਦੇ ਵੱਖ -ਵੱਖ ਪਹਿਲੂਆਂ ਬਾਰੇ ਡੂੰਘੀ ਵਿਚਾਰ ਚਰਚਾ ਕਰਕੇ ਇਸ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਫੈਸਲੇ ਕੀਤੇ ਗਏ। ਪਾਰਟੀ ਨੇ ਦੇਸ਼ ਭਰ ਦੇ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਨਕਲਾਬੀ ਵਧਾਈ ਦਿੰਦਿਆਂ ਇਸ ਦੀ ਸਫ਼ਲਤਾ ਵਾਸਤੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਵਚਨਵੱਧਤਾ ਨੂੰ ਦੁਹਰਾਇਆ ਹੈ । ਕਾਮਰੇਡ ਸੇਖੋਂ ਨੇ ਕਿਸਾਨਾਂ , ਮਜ਼ਦੂਰਾਂ , ਖੇਤ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਇਸ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਸਾਰੇ ਸਾਥੀ ਵਹੀਰਾਂ ਘੱਤ ਕੇ ਅਤੇ ਕਾਫਲੇ ਬੰਨ ਕੇ ਦਿੱਲੀ ਨੂੰ ਚੱਲਣ ਅਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ। ਸਾਥੀ ਸੇਖੋਂ ਨੇ ਸੀ.ਪੀ.ਆਈ. ( ਐਮ. ) ਦੀ ਕੇਂਦਰ ਕਮੇਟੀ ਦੇ ਸੱਦੇ ਤੇ ਸਾਰੇ ਪੰਜਾਬ ਵਿੱਚ 3 ਦਸੰਬਰ ਤੋਂ 10 ਦਸੰਬਰ ਤੱਕ ਮਨਾਏ ਜਾ ਰਹੇ ਕਿਸਾਨ ਸੰਘਰਸ਼ ਨਾਲ ਇੱਕ ਮੁੱਠਤਾ ਸਪਤਾਹ ਦੌਰਾਨ ਲਗਾਤਾਰ ਧਰਨੇ ਮੁਜ਼ਾਹਰੇ ਤੇ ਰੈਲੀਆਂ ਕਰਨ ਦਾ ਸੱਦਾ ਦਿੱਤਾ। ਇਸ ਇੱਕ ਮੁੱਠਤਾ ਸਪਤਾਹ ਦੌਰਾਨ ਹੀ ਪੰਜ ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਫੂਕਣ , 6 ਦਸੰਬਰ ਨੂੰ ਸੰਵਿਧਾਨ ਬਚਾਓ ਦਿਵਸ ਮਨਾਉਣ ਅਤੇ 10 ਦਸੰਬਰ ਨੂੰ ਪੰਜਾਬ ਭਰ ਵਿੱਚ ਚੱਕਾ ਜਾਮ ਕਰਨ ਦੇ ਐਕਸ਼ਨਾਂ ਨੂੰ ਸਫ਼ਲ ਕਰਨ ਦੀ ਅਪੀਲ ਕੀਤੀ। ਕਾਮਰੇਡ ਸੇਖੋਂ ਨੇ ਹੋਰ ਅੱਗੇ ਦੱਸਿਆ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵਲੋਂ ਸਥਾਪਤ ਪੰਜਾਬੀ ਅਖ਼ਬਾਰ ਰੋਜ਼ਾਨਾ ਦੇਸ਼ ਸੇਵਕ ਦਾ 25 ਸਥਾਪਨਾ ਦਿਵਸ 1 ਜਨਵਰੀ 2021 ਨੂੰ ਅਦਾਰਾ ਦੇਸ਼ ਸੇਵਕ ਵਲੋਂ ਬਾਬਾ ਸੋਹਣ ਸਿੰਘ ਭਕਨਾ ਭਵਨ 29-ਡੀ ਚੰਡੀਗੜ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਭਰ ਦੇ ਪਾਰਟੀ ਮੈਂਬਰਾਂ , ਹਮਦਰਦਾਂ , ਸ਼ਰਧਾਲੂਆਂ ਨੂੰ ਭਾਰੀ ਗਿਣਤੀ ਵਿੱਚ ਵੱਧ ਚੜਕੇ ਪਹੰੁਚਣ ਦੀ ਅਪੀਲ ਕੀਤੀ। ਅੰਤ ਵਿੱਚ ਸੀ.ਪੀ.ਆਈ. (ਐਮ. ) ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਜੇਕਰ ਉਹ ਕਿਸਾਨ ਸੰਘਰਸ਼ ਦੇ ਮਸਲੇ ਨੂੰ ਸੁਲਝਾਉਣ ਲਈ ਗੰਭੀਰ ਹਨ ਤਾਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਆਪ ਅੱਗੇ ਆਉਣ ਅਤੇ ਪਾਰਲੀਮੈਂਟ ਦਾ ਵਿਸ਼ੇਸ਼ ਅਜਲਾਸ ਸੱਦ ਕੇ ਤਿੰਨ ਕਾਲੇ ਕਾਨੂੰਨ ਰੱਦ ਕਰਨ , ਬਿਜਲੀ ( ਸੋਧ ) ਬਿੱਲ 2020 ਵਾਪਸ ਲੈਣ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਇੱਕ ਕਰੋੜ ਰੁਪਏ ਜੁਰਮਾਨਾ ਅਤੇ ਪੰਜ ਸਾਲ ਕੈਦ ਦੀ ਸਜਾ ਵਾਲਾ ਕਾਨੂੰਨ ਵੀ ਰੱਦ ਕੀਤਾ ਜਾਵੇ।