ਫਗਵਾੜਾ 5 ਦਸੰਬਰ (ਸ਼ਿਵ ਕੋੜਾ) ਯੂਥ ਕਾਂਗਰਸ ਜਿਲਾ ਕਪੂਰਥਲਾ ਵਲੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਫਗਵਾੜਾ ਪੁੱਜਣ ਤੇ ਸਤਨਾਮਪੁਰਾ ਵਿਖੇ ਕਾਲੀਆਂ ਝੰਡੀਆਂ ਦਿਖਾ ਕੇ ਡਟਵਾਂ ਵਿਰੋਧ ਕੀਤਾ ਗਿਆ। ਜਿਲਾ ਯੂਥ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਸੈਂਕੜੇ ਯੂਥ ਕਾਂਗਰਸ ਵਰਕਰਾਂ ਨੂੰ ਜਦੋਂ ਇਹ ਸੂਚਨਾ ਮਿਲੀ ਕਿ ਭਾਜਪਾ ਦੇ ਸੂਬਾ ਪ੍ਰਧਾਨ ਪ੍ਰਾਈਮ ਟਾਵਰ ਸਤਨਾਮਪੁਰਾ ਆ ਰਹੇ ਹਨ ਤਾਂ ਸਮੂਹ ਵਰਕਰ ਉਹਨਾਂ ਦਾ ਵਿਰੋਧ ਕਰਨ ਲਈ ਕਾਲੀਆਂ ਝੰਡੀਆਂ ਲੈ ਕੇ ਪੁੱਜ ਗਏ। ਇਸ ਦੌਰਾਨ ਡੀ.ਐਸ.ਪੀ. ਪਰਮਜੀਤ ਸਿੰਘ ਦੀ ਅਗਵਾਈ ਹੇਠ ਮੌਕੇ ਤੇ ਮੌਜੂਦ ਭਾਰੀ ਪੁਲਿਸ ਫੋਰਸ ਯੂਥ ਵਰਕਰਾਂ ਨੂੰ ਹਿਰਾਸਤ ‘ਚ ਲੈ ਕੇ ਰਾਮਗੜਆ ਪੋਲੀਟੈਕਨਿਕ ਕਾਲਜ ਦੀ ਗਰਾਉਂਡ ‘ਚ ਲੈ ਗਈ ਜਿੱਥੋਂ ਕੁਝ ਸਮੇਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਜਿਲਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਇਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਲੋਕਸਭਾ ‘ਚ ਬਹੁਮਤ ਹੋਣ ਦਾ ਭਾਜਪਾ ਨਜਾਇਜ ਫਾਇਦਾ ਚੁੱਕ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਵੱਈਆ ਪੂਰੀ ਤਰਾ ਤਾਨਾਸ਼ਾਹੀ ਵਾਲਾ ਹੈ। ਸੂਬਿਆਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਖੇਤੀ ਸਬੰਧੀ ਕਾਲੇ ਕਾਨੂੰਨ ਵੀ ਇਸ ਸਾਜਿਸ਼ ਦਾ ਹਿੱਸਾ ਹੈ ਜਿਸ ਨੂੰ ਲੈ ਕੇ ਪੰਜਾਬੀਆਂ ਵਿਚ ਭਾਜਪਾ ਪ੍ਰਤੀ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਪੰਜਾਬ ਦੀ ਆਵਾਜ ਨੂੰ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਹੀ ਇਕ ਹੋਰ ਕੋਸ਼ਿਸ ਸੀ। ਮੋਦੀ ਸਰਕਾਰ ਨੇ ਜੇਕਰ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਮਾਹੌਲ ਵਿਗੜ ਸਕਦਾ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਇਸ ਦਾ ਨਜਾਇਜ ਫਾਇਦਾ ਚੁੱਕ ਸਕਦੀਆਂ ਹਨ ਜਿਸਦਾ ਖਾਮਿਆਜਾ ਵੀ ਪੰਜਾਬ ਅਤੇ ਪੰਜਾਬੀਆਂ ਨੂੰ ਹੀ ਭੁਗਤਣਾ ਪਵੇਗਾ। ਇਸ ਲਈ ਯੂਥ ਕਾਂਗਰਸ ਪੁਰਜੋਰ ਮੰਗ ਕਰਦੀ ਹੈ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦਾ ਐਲਾਨ ਕਰਕੇ ਸ਼ਾਂਤਮਈ ਢੰਗ ਨਾਲ ਇਸ ਅੰਦੋਲਨ ਨੂੰ ਖਤਮ ਕਰੇ। ਇਸ ਮੌਕੇ ਹਰਪ੍ਰੀਤ ਸਿੰਘ ਬਸਰਾ, ਅਮਰਿੰਦਰ ਸਿੰਘ ਸ਼ੇਰਗਿਲ, ਹਰਜਿੰਦਰ ਸਿੰਘ ਬਸਰਾ, ਗੁਰਿੰਦਰ ਸਿੰਘ ਬਾਹੜਾ, ਤਜਿੰਦਰ ਸਿੰਘ ਸ਼ੇਰਗਿਲ, ਵਿੰਨੀ ਵਾਲੀਆ, ਜਤਿੰਦਰ ਕੁਮਾਰ, ਨਿੱਕਾ ਬਸਰਾ, ਤਰਨ ਸਿੰਘ ਨਾਮਧਾਰੀ, ਯੁਵੀ ਫਗਵਾੜਾ, ਰਣਜੀਤ ਗੋਬਿੰਦਪੁਰਾ, ਦੀਪੂ ਗੋਬਿੰਦਪੁਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਯੂਥ ਕਾਂਗਰਸ ਵਰਕਰ ਹਾਜਰ ਸਨ।