ਔਰਤ ਦੀ ਸਖਸ਼ੀਅਤ ਕੀ ਹੈ। ਸਾਡੇ ਸਮਾਜ ਚ ਔਰਤ ਦਾ ਦਰਜਾ ਕੀ ਹੈ? ਔਰਤ ਵਾਰੇ ਚੰਗਾ ਵੀ ਤੇ ਮੰਦਾ ਵੀ ਸਭ ਵਾਰੇ ਗੱਲ ਕਰਾਂਗੇ। ਕੜੀ ਲੰਮੀ ਹੋਣ ਕਰਕੇ ਭਾਗਾਂ ਵਿੱਚ ਵੰਡਕੇ ਸ਼ੇਅਰ ਕਰਾਂਗੀ। ਹਰ ਸਿੱਕੇ ਦੇ ਦੋ ਪਹਿਲੁ ਹੁੰਦੇ, ਸੋ ਦੋਵਾਂ ਬਾਰੇ ਗੱਲ ਕਰਾਂਗੇ।
ਔਰਤ ਕੁਦਰਤ ਦੀ ਸ਼੍ਰੇਸਟ ਤੇ ਖ਼ੂਬਸੂਰਤ ਰਚਨਾ ਮੰਨੀ ਗਈ ਹੈ। ਕਿਸੇ ਵੀ ਸਮਾਜ ਨੂੰ ਸਾਹਮਣੇ ਰੱਖ ਕੇ ਵੇਖੀਏ, ਔਰਤ ਚਾਰ ਰੂਪਾਂ ’ਚ ਵਿਚਰਦੀ ਹੈ, ਜੋ ਸਮੇਂ ਮੁਤਾਬਕ ਢਲਦੇ ਹਨ। ਲੇਖਿਕਾ ਫਰਖੰਦਾ ਲੋਧੀ ਲਿਖਦੇ ਨੇ, ‘‘ਔਰਤ ਜੋ ਮਾਂ ਹੈ, ਉਹ ਕਿਸੇ ਦੀ ਧੀ, ਭੈਣ ਤੇ ਸੁਆਣੀ ਵੀ ਹੈ। ਇਨ੍ਹਾਂ ’ਚੋਂ ਤਿੰਨ ਰੂਪ ਰੱਬੀ ਹਨ ਕਿਉਂਕਿ ਇਸ ਵਿੱਚ ਕਿਸੇ ਦੀ ਚੋਣ ਨਹੀਂ ਹੁੰਦੀ ਪਰ ਚੌਥਾ ਰੂਪ ਸੁਆਣੀ (ਪਤਨੀ) ਬਣਨਾ ਸਬੱਬੀ ਹੈ।’’ ਔਰਤ ਦਾ ਇਹ ਸਬੱਬੀ ਰੂਪ ਆਪ ਚੁਣਿਆ ਜਾਂ ਜੋੜਿਆ ਜਾਂਦਾ ਹੈ। ਜਦੋਂ ਕੋਈ ਵੀ ਮੁੰਡਾ-ਕੁੜੀ ਵਿਆਹ ਬੰਧਨ ਵਿੱਚ ਬੱਝਦੇ ਹਨ ਤਾਂ ਇਹੀ ਕਿਹਾ ਜਾਂਦਾ ਹੈ ਕਿ ਇਸ ਦੇ ਸੰਜੋਗ ਸਨ। ਜੇ ਕੋਈ ਰਿਸ਼ਤਾ ਪਸੰਦ ਦਾ ਰਿਸ਼ਤਾ ਨਾ ਲੱਭ ਰਿਹਾ ਹੋਵੇ ਤਾਂ ਇਹੀ ਸੋਚ ਕੰਮ ਕਰਦੀ ਹੈ ਕਿ ਜਿੱਥੇ ਸੰਜੋਗ ਹੋਏ ਆਪੇ ਸਬੱਬ ਬਣ ਜਾਵੇਗਾ। ਪਤਨੀ ਬਣਨ ਜਾ ਰਹੀ ਮੁਟਿਆਰ ਵਾਸਤੇ ਚੰਗੀ ਯੋਗਤਾ ਰੱਖਣੀ, ਮੂੰਹ-ਮੱਥੇ ਲੱਗਦੀ, ਸੁਚੱਜੀ ਤੇ ਘਰ ਦੇ ਕੰਮ-ਕਾਰ ’ਚ ਨਿਪੁੰਨ ਹੋਣਾ ਵੇਖਿਆ ਜਾਂਦਾ ਹੈ। ਮਾਂ-ਬਾਪ ਵੀ ਵਾਹ ਲੱਗਦੀ ਆਪਣੇ ਵੱਲੋਂ ਧੀ ਦੇ ਪਾਲਣ-ਪੋਸ਼ਣ ’ਚ ਕੋਈ ਕਸਰ ਨਹੀਂ ਛੱਡਦੇ ਤੇ ਇਹੀ ਕਾਮਨਾ ਕਰਦੇ ਹਨ ਕਿ ਸਾਡੀ ਬੱਚੀ ਵੱਖਰੇ ਤੇ ਬਦਲੇ ਮਾਹੌਲ ’ਚ ਜਾ ਕੇ ਜ਼ਿੰਦਗੀ ਦੇ ਸੁੱਖ ਮਾਣੇ ਤੇ ਖ਼ੁਸ਼ ਰਹੇ।
ਪਹਿਲੇ ਵੇਲਿਆਂ ’ਚ ਸੰਯੁਕਤ ਪਰਿਵਾਰਾਂ ਵਿੱਚ ਰਹਿੰਦੀਆਂ ਧੀਆਂ ਖ਼ੁਦ ਹੀ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੁਚੇਤ ਤੇ ਸੂਝਵਾਨ ਹੋ ਜਾਂਦੀਆਂ ਸਨ। ਇੱਕ ਹੀ ਜਗ੍ਹਾ ’ਤੇ ਸਾਰੇ ਰਿਸ਼ਤੇ-ਨਾਤੇ ਨਿਭਾਉਣਾ, ਵੱਡਿਆਂ ਦਾ ਆਦਰ-ਸਤਿਕਾਰ, ਸਾਰੇ ਪਰਿਵਾਰ ਨਾਲ ਸਨੇਹ ਪਾਲਣਾ, ਘਰ ਦੀ ਇੱਜ਼ਤ ਤੇ ਮਾਣ-ਮਰਿਆਦਾ ਦਾ ਖ਼ਿਆਲ ਉਸ ਦੇ ਸੰਸਕਾਰਾਂ ’ਚ ਵੱਸ ਜਾਂਦਾ। ਘਰ ਵਿੱਚ ਉੱਚਾ-ਨੀਵਾਂ ਬੋਲਿਆ ਜਾਣਾ, ਜਰ ਲੈਣਾ, ਸਾਰੇ ਦੁੱਖ-ਸੁੱਖ ਹੰਢਾਉਣ ਨਾਲ ਸਹਿਣ ਸ਼ਕਤੀ ਪ੍ਰਬਲ ਹੁੰਦੀ। ਉਦੋਂ ਰਿਸ਼ਤਾ ਤੈਅ ਕਰਨਾ ਘਰ ਦੇ ਬਜ਼ੁਰਗ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ। ਆਪਸੀ ਪਰਿਵਾਰਾਂ ਦੀ ਜਾਣ-ਪਛਾਣ, ਅੰਗਲੀ-ਸੰਗਲੀ ਰਲਾ ਕੇ ਜਾਂ ਕਿਸੇ ਮੋਹਤਬਰ ਵਿਅਕਤੀ ਦੇ ਆਖੇ ਲੱਗ ਕੇ ਰਿਸ਼ਤੇ ਤੈਅ ਕਰ ਦਿੱਤੇ ਜਾਂਦੇ, ਜੋ ਅਮੂਮਨ ਚਿਰ-ਸਥਾਈ ਸਾਬਤ ਹੁੰਦੇ ਰਹੇ ਹਨ। ਉਦੋਂ ਲੜਕੀ ਦੇ ਸੁਹੱਪਣ ਨਾਲੋਂ ਸੁਚੱਜਤਾ ਨੂੰ ਤਰਜੀਹ ਦਿੱਤੀ ਜਾਂਦੀ ਸੀ। ਅਜੋਕੇ ਦੌਰ ਵਿੱਚ ਸਮੇਂ ਦੀ ਮੰਗ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਸਾਰੀ ਜ਼ਿੰਦਗੀ ਨਿਭਣ ਵਾਲੇ ਰਿਸ਼ਤੇ ’ਚ ਦੇਖ-ਦਿਖਾਈ ਤੇ ਗੱਲ-ਬਾਤ ਰਾਹੀਂ ਇੱਕ-ਦੂਜੇ ਨੂੰ ਜਾਣ ਲੈਣਾ ਜ਼ਰੂਰੀ ਹੈ। ਲੜਕੀ ਦੀ ਵਿੱਦਿਅਕ ਯੋਗਤਾ, ਰੰਗ-ਰੂਪ, ਕੱਦ-ਕਾਠ ਪਰਿਵਾਰ ਦਾ ਸਮਾਜ ’ਚ ਰੁਤਬਾ ਆਦਿ ਘੋਖਿਆ ਜਾਂਦਾ ਹੈ। ਲੜਕੀ ਵੀ ਉੱਚ ਵਿਦਿਅਕ ਯੋਗਤਾ ਹਾਸਲ ਕਰ ਕੇ ਜਾਗਰੂਕ ਹੁੰਦੀ ਹੈ ਅਤੇ ਆਪਣੇ ਭਵਿੱਖ ਦੀ ਪੂਰੀ ਚਿੰਤਾ ਕਰਦੀ ਹੈ। ਅਜੋਕੇ ਸਮੇਂ ਕੁੜੀਆਂ ਦੇ ਪੜ੍ਹਨ-ਲਿਖਣ ਦੇ ਬਾਵਜੂਦ ਯੋਗ ਵਰ ਮਿਲਣੇ ਆਸਾਨ ਕੰਮ ਨਹੀਂ। ਕਈ ਵਾਰ ਦਾਜ-ਦਹੇਜ ਵਰਗੀਆਂ ਕੁਰੀਤੀਆਂ ਵੀ ਆੜੇ ਆਉਂਦੀਆਂ ਹਨ। ਜੇ ਪੜ੍ਹੇ-ਲਿਖੇ ਬੱਚੇ ਖ਼ੁਦ ਆਪਣੀ ਪਸੰਦ ਦੱਸ ਕੇ ਵਿਆਹ ਦਾ ਕੰਮ ਆਸਾਨ ਕਰਨ ਤਾਂ ਵੀ ਮਾਂ-ਬਾਪ ਨੂੰ ਧੁੜਕੂ ਲੱਗਾ ਰਹਿੰਦਾ ਹੈ ਜਾਂ ਫਿਰ ਸਮਾਜ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੰਦਾ ਅਤੇ ਅਣਖ ਦੀ ਖ਼ਾਤਰ ਮਰਨ-ਮਰਵਾਉਣ ਤਕ ਗੱਲਾਂ ਪਹੁੰਚ ਜਾਂਦੀਆਂ ਹਨ। ਕਈ ਥਾਈਂ ਦੇਖ-ਦਿਖਾਈ ਤੇ ਗੱਲਬਾਤ ਚੱਲ ਕੇ ਪਤਾ ਨਹੀਂ ਕਿੱਥੇ ਕੋਈ ਸਬੱਬੀ ਤਾਲ-ਮੇਲ ਬੈਠ ਹੀ ਜਾਂਦਾ ਹੈ ਤੇ ਰਿਸ਼ਤਾ ਤੈਅ ਹੋ ਜਾਂਦਾ ਹੈ। ਅਜੋਕੇ ਸਮੇਂ ਅਖ਼ਬਾਰਾਂ ’ਚ ਇਸ਼ਤਿਹਾਰ ਦੇ ਕੇ ਜਾਂ ਏਜੰਸੀਆਂ ਰਾਹੀਂ ਵੀ ਰਿਸ਼ਤੇ ਲੱਭੇ ਜਾਂਦੇ ਹਨ।
ਚਾਹੇ ਕਿਸੇ ਵੀ ਵਿਧੀ ਰਾਹੀਂ ਰਿਸ਼ਤਾ ਨੇਪਰੇ ਚੜ੍ਹੇ, ਇਸ ਦੀ ਡੋਰ ਤਾਂ ਸਬੱਬੀਂ ਬੱਝਦੀ ਹੈ ਤੇ ਇੱਕ ਲੜਕੀ ਜੋ ਪਹਿਲਾਂ ਕਿਸੇ ਦੀ ਧੀ ਤੇ ਭੈਣ ਸੀ, ਫਿਰ ਕਿਸੇ ਮਰਦ ਦੀ ਪਤਨੀ ਬਣ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਸ ਮਰਦ ਦੇ ਬੱਚਿਆਂ ਦੀ ਮਾਂ ਬਣਦੀ ਹੈ। ਉਸ ਦੇ ਸਾਰੇ ਰੂਪ ਇਕੱਠੇ ਹੋ ਜਾਂਦੇ ਹਨ ਪਰ ਪਤਨੀ ਦਾ ਰੂਪ ਹੀ ਔਰਤ ਦੀ ਅਸਲ ਪਰਿਭਾਸ਼ਾ ਹੈ। ਇੱਕ ਹੀ ਕਾਇਆ ਵਿੱਚ ਵੱਖ-ਵੱਖ ਅੰਗ ਰੱਖ ਕੇ ਸਾਰੀ ਦੁਨੀਆਂ ਨਾਲ ਪੂਰੇ ਲਹਿਣਾ ਇੱਕ ਔਰਤ ਲਈ ਵੱਡੀ ਚੁਣੌਤੀ ਹੁੰਦੀ ਹੈ।
ਮਾਂ ਜੇ ਰੱਬ ਦਾ ਰੂਪ ਹੈ ਤਾਂ ਪਤਨੀ ਸਾਰੇ ਜਗ ਦਾ ਰੂਪ ਹੈ ਤਾਂ ਹੀ ਤਾਂ ਔਰਤ ਨੂੰ ਜੱਗ-ਜਣਨੀ ਕਿਹਾ ਗਿਆ ਹੈ। ਪਤਨੀ ਦਾ ਕਿਰਦਾਰ ਨਿਭਾਉਣਾ ਸੁਭਾਵਿਕ ਤੌਰ ਨਾਲੋਂ ਵੱਧ ਤਹਿਜ਼ੀਬੀ, ਅਕਲਮੰਦੀ ਤੇ ਇਨਸਾਨੀਅਤ ਦੇ ਗੁਣਾਂ ਦੀ ਮੰਗ ਕਰਦਾ ਹੈ। ਪਤਨੀ ਬਣ ਕੇ ਔਰਤ ਮਾਂ ਦਾ ਰੂਪ ਧਾਰਦੀ ਹੈ, ਘਰ ਬਣਾਉਂਦੀ ਹੈ ਤਾਂ ਕਿ ਬੱਚੇ ਜ਼ਿੰਦਗੀ ਦਾ ਹਰ ਸੁੱਖ ਮਾਣਨ। ਉਹ ਰੋਟੀ-ਟੁੱਕ ਤੋਂ ਲੈ ਕੇ ਘਰ ਦੇ ਹਰ ਜੀਅ ਦੇ ਜ਼ਜਬਾਤਾਂ ਦਾ ਖ਼ਿਆਲ ਰੱਖਦੀ ਹੋਈ ਹਰ ਜ਼ਿੰਮੇਵਾਰੀ ਨਿਭਾਉਂਦੀ ਹੈ। ਜੇ ਉਹ ਅਜਿਹਾ ਨਾ ਕਰੇ ਤਾਂ ਮਕਾਨ ਕਦੇ ਘਰ ਨਹੀਂ ਬਣ ਸਕਦਾ ਜੋ ਕਿ ਨਰੋਏ ਸਮਾਜ ਦੀ ਨੀਂਹ ਹੈ।
– ਸਰਦਾਰਨੀ ਕੌਰ