ਲੁਧਿਆਣਾ: ਗਿਆਸਪੁਰਾ ਫਾਟਕ ’ਤੇ ਸ਼ਨਿੱਚਰਵਾਰ ਸ਼ਾਮ ਬੰਦ ਫਾਟਕ ਥੱਲਿਓਂ ਲਾਈਨ ਕਰਾਸਿੰਗ ਕਰ ਰਹੇ ਵਾਹਨਾਂ ਨੂੰ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਨੇ ਆਪਣੀ ਲਪੇਟ ’ਚ ਲੈ ਲਿਆ। ਸ਼ਤਾਬਦੀ ਐਕਸਪ੍ਰੈਸ ਦੀ ਜੋਰਦਾਰ ਟੱਕਰ ਨਾਲ ਵਾਹਨਾਂ ਦੇ ਪਰਖੱਚੇ ਉੱਡ ਗਏ, ਜਦਕਿ ਵਾਹਨ ਚਾਲਕਾਂ ’ਚੋਂ 3 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਤੇ ਇਕ ਵਿਅਕਤੀ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਮਗਰੋਂ ਚਾਰੋਂ ਪਾਸੇ ਭਗਦੜ ਮੱਚ ਗਈ ਤੇ ਕੁੱਝ ਹੀ ਮਿੰਟਾਂ ਅੰਦਰ ਐਂਬੂਲੈਸਾਂ ਦੇ ਸਾਈਰਨ ਦੀਆਂ ਆਵਾਜਾਂ ਗੂੰਜਣ ਲੱਗ ਪਈਆਂ।
ਹਾਲਾਂਕਿ ਹਾਦਸੇ ਦੌਰਾਨ ਰੇਲਗੱਡੀ ਦੇ ਡਰਾਈਵਰ ਨੇ ਐਮਰਜੈਂਸੀ ਬਰੇਕ ਲਗਾ ਕੇ ਗੱਡੀ ਨੂੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਦੋਂ ਤਕ ਕਾਫ਼ੀ ਦੇਰ ਹੋ ਚੁੱਕੀ ਸੀ। ਤੇਜ ਰਫ਼ਤਾਰ ਰੇਲਗੱਡੀ ਨੇ 2 ਮੋਟਰਾਸਈਕਲ ਤੇ ਇਕ ਸਕੂਟਰ ਨੂੰ ਚਾਲਕ ਸਮੇਤ ਆਪਣੀ ਲਪੇਟ ’ਚ ਲੈ ਲਿਆ ਤੇ ਇਨ੍ਹਾਂ ਵਾਹਨਾਂ ਨੂੰ ਕਾਫ਼ੀ ਦੂਰ ਤਕ ਆਪਣੇ ਨਾਲ ਘਸੀਟਦੇ ਲੈ ਗਈ। ਸੂਚਨਾਂ ਮਗਰੋਂ ਰੇਲਵੇ ਵਿਭਾਗ, ਆਰਪੀਐੱਫ਼ ਤੇ ਜੀਆਰਪੀ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਦੌਰਾਨ ਸ਼ਤਾਬਦੀ ਐਕਸਪ੍ਰੈਸ ਤਕਰੀਬਨ 25 ਮਿੰਟ ਤਕ ਉੱਥੇ ਹੀ ਰੁਕੀ ਰਹੀ, ਜਿਸ ਨੂੰ ਤਕਨੀਕੀ ਜਾਂਚ ਤੋਂ ਬਾਅਦ ਅੱਗੇ ਰਵਾਨਾ ਕੀਤਾ ਗਿਆ।
ਵੱਡਾ ਰੇਲ ਹਾਦਸਾ ਟਲਿਆ
ਗਿਆਸਪੁਰਾ ਫਾਟਕ ਪਾਰ ਦੀ ਜਲਦਬਾਜੀ ਨੇ ਜਿੱਥੇ 3 ਕੀਮਤੀ ਜਾਨਾਂ ਲੈ ਲਈਆਂ, ਉੱਥੇ ਹੀ ਰੇਲਗੱਡੀ ’ਚ ਸਵਾਰ ਹਜ਼ਾਰਾਂ ਮੁਸਾਫ਼ਰਾਂ ਦੀ ਜਾਨ ਨੂੰ ਵੀ ਕੁੱਝ ਮਿੰਟਾਂ ਲਈ ਵੱਡੇ ਖਤਰੇ ’ਚ ਪਾ ਦਿੱਤਾ। ਰੇਲਵੇ ਵਿਭਾਗ ਦੇ ਤਕਨੀਕੀ ਮਾਹਿਰਾਂ ਮੁਤਾਬਕ ਵਾਹਨਾਂ ਦੇ ਲਪੇਟ ’ਚ ਆਉਣ ਤੇ ਅਚਾਨਕ ਐਮਰਜੈਂਸੀ ਬਰੇਕ ਲਗਾਉਣ ਮਗਰੋਂ ਤੇਜ ਰਫ਼ਤਾਰ ਰੇਲਗੱਡੀ ਕਦੇ ਵੀ ਪੱਟੜੀ ਤੋਂ ਉਤਰ ਸਕਦੀ ਸੀ ਤੇ ਡਿਰੇਲਮੈਂਟ ਕਾਰਨ ਵੱਡਾ ਰੇਲ ਹਾਦਸਾ ਵਾਪਰ ਸਕਦਾ ਸੀ। ਪਰ ਪਰਮਾਤਮਾਂ ਦਾ ਸ਼ੁਕਰ ਹੈ ਕਿ ਅਜਿਹਾ ਨਹੀਂ ਹੋਇਆ ਤੇ ਰੇਲਗੱਡੀ ’ਚ ਸਵਾਰ ਹਜ਼ਾਰਾਂ ਮੁਸਾਫ਼ਰ ਵਾਲ ਵਾਲ ਬਚ ਗਏ।