ਮੋਹਾਲੀ:ਪੰਜਾਬੀ ਗਾਇਕ ਅਤੇ ਫ਼ਿਲਮ ਅਦਾਕਾਰ ਗਿੱਪੀ ਗਰੇਵਾਲ ਅਤੇ ਲਗਪਗ 100 ਹੋਰ ਲੋਕਾਂ ਦੇ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਗਿੱਪੀ ਗਰੇਵਾਲ ਬਨੂੜ ਨੇੜਲੇ ਪਿੰਡ ਸੇਖਣ ਮਾਜਰਾ ਵਿੱਚ ਆਪਣੀ ਆਗਾਮੀ ਕਾਮੇਡੀ ਫ਼ਿਲਮ ‘ਗਿਰਧਾਰੀ ਲਾਲ’ ਦੀ ਸ਼ੂਟਿੰਗ ਕਰ ਰਹੇ ਹਨ ਅਤੇ ਸਨਿਚਰਵਾਰ ਨੂੰ ਵੀਕੈਂਡ ਲਾਕਡਾਊਨ ਦੇ ਦੌਰਾਨ ਹੋ ਰਹੀ ਇਸ ਸ਼ੂਟਿੰਗ ਵਿੱਚ ਜਿੱਥੇ 100 ਦੇ ਕਰੀਬ ਫ਼ਿਲਮ ਨਿਰਮਾਣ ਟੀਮ ਦੇ ਮੈਂਬਰ ਹਾਜ਼ਰ ਹਨ ਉੱਥੇ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।ਇਹ ਵੀ ਦੋਸ਼ ਹੈ ਕਿ ਇਸ ਸ਼ੂਟਿੰਗ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਸੀ।ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਸ਼ੂਟਿੰਗ ਵਾਲੀ ਥਾਂ ’ਤੇ ਛਾਪੇਮਾਰੀ ਕੀਤੀ ਤਾਂ ਕੁਝ ਲੋਕ ਤਾਂ ਪੁਲਿਸ ਨੂੰ ਵੇਖ਼ਕੇ ਹੀ ਮੌਕੇ ਤੋਂ ਰਫ਼ੂ ਚੱਕਰ ਹੋ ਗਏ ।ਗਿੱਪੀ ਗਰੇਵਾਲ ਇਸ ਮੌਕੇ ਇਕੱਤਰ ਹੋਏ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਹੀ ਪੁਲਿਸ ਦੀ ਨਿਗਰਾਨੀ ਵਿੱਚ ਸ਼ੂਟਿੰਗ ਵਾਲੀ ਥਾਂ ਤੋਂ ਨਿਕਲ ਗਏ।ਇਕ ਪੁਲਿਸ ਅਧਿਕਾਰੀ ਅਨੁਸਾਰ ਗਿੱਪੀ ਗਰੇਵਾਲ ਸਣੇ ਲਗਪਗ 100 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਇਸੇ ਦੌਰਾਨ ਖ਼ਬਰ ਹੈ ਕਿ ਪੁਲਿਸ ਵੱਲੋਂ ਗਿੱਪੀ ਦੀ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਪਾਈ ਗਈ ਅਤੇ ਇਕ ਕਾਂਗਰਸ ਆਗੂ ਗੁਰਮੇਜ ਸਿੰਘ ਫ਼ੌਜੀ ਦੇ ਦਖ਼ਲ ਨਾਲ ਉਸਨੂੰ ਜ਼ਮਾਨਤ ਦੇ ਦਿੱਤੀ ਗਈ।ਪਤਾ ਲੱਗਾ ਹੈ ਕਿ ਗਿੱਪੀ ਗਰੇਵਾਲ ਨੇ ਅੱਗੇ ਤੋਂ ਸ਼ੂਟਿੰਗ ਵਾਸਤੇ ਇਜਾਜ਼ਤ ਲੈਣ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਬਾਰੇ ਭਰੋਸਾ ਦਿੱਤਾ ਹੈ।ਯਾਦ ਰਹੇ ਕਿ ਕੁਝ ਹੀ ਦਿਨ ਪਹਿਲਾਂ ਇਕ ਹੋਰ ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਖਿਲਾਫ਼ ਵੀ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਲੁਧਿਆਣਾ ਦੇ ਆਰੀਆ ਸਕੂਲ ਵਿੱਚ ਸ਼ੂਟਿੰਗ ਕਰਨ ਦੇ ਸੰਬੰਧ ਵਿੱਚ ਦਰਜ ਕੀਤਾ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਫ਼ਾਰਮ ਹਾਊਸ ਦੇ ਮਾਲਕ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ।