ਜਲੰਧਰ : ਬਰਥਡੇ ਪਾਰਟੀ ਮਨਾਉਣ ਤੋਂ ਬਾਅਦ ਐੱਲ. ਪੀ. ਯੂ. ਦੀ ਵਿਦਿਆਰਥਣ ਨੂੰ ਘਰ ਛੱਡਣ ਜਾਂਦੇ ਸਮੇਂ ਰਸਤੇ ਵਿਚ ਰੋਕ ਕੇ ਲੁੱਟ ਦੀ ਨੀਅਤ ਨਾਲ ਲੱਤ ਵਿਚ ਗੋਲੀ ਮਾਰਨ ਅਤੇ ਫਿਰ 9 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋਣ ਦੇ ਕੇਸ ਵਿਚ ਡਵੀਜ਼ਨ ਨੰ. 5 ਦੀ ਪੁਲਸ ਨੇ ਅਣਪਛਾਤੇ ਨੌਜਵਾਨ ਖਿਲਾਫ ਪਰਚਾ ਦਰਜ ਕੀਤਾ ਹੈ। ਪੁਲਸ ਮੁਲਜ਼ਮ ਦੇ ਮੋਬਾਇਲ ਨੰਬਰ ਤੋਂ ਉਸ ਤੱਕ ਪੁੱਜਣ ਦਾ ਯਤਨ ਕਰ ਰਹੀ ਹੈ। ਐੱਸ. ਐੱਚ. ਓ. ਕੁਲਦੀਪ ਸਿੰਘ ਮੁਤਾਬਕ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਤਨਜਾਨੀਆ ਦੀ ਰਹਿਣ ਵਾਲੀ ਵਿਦਿਆਰਥਣ ਮਗਵਾਜਾ ਜੇਨਟ ਨੇ ਦੱਸਿਆ ਕਿ ਉਹ ਲੁਧਿਆਣਾ ਵਿਚ ਆਪਣੀ ਭੈਣ ਦੇ ਕੋਲ ਆਈ ਸੀ, ਜੋ ਕਿਰਾਏ ਦੇ ਕਮਰੇ ਵਿਚ ਰਹਿੰਦੀ ਹੈ। ਬੀਤੀ 28 ਅਗਸਤ ਨੂੰ ਉਸ ਦੀ ਇਕ ਸਹੇਲੀ ਦਾ ਦਿੱਲੀ ਤੋਂ ਫੋਨ ਆਇਆ ਕਿ ਉਸ ਦੇ ਦੋਸਤ ਦਾ ਜਨਮ ਦਿਨ ਹੈ, ਜਿਸ ਨੂੰ ਕੰਪਨੀ ਦੀ ਲੋੜ ਹੈ। ਉਸੇ ਦੇ ਕਹਿਣ ‘ਤੇ ਨੌਜਵਾਨ ਨਾਲ ਉਸ ਦੀ ਬਰਥਡੇ ਪਾਰਟੀ ‘ਤੇ ਚਲੀ ਗਈ। ਅਗਲੇ ਦਿਨ ਸਵੇਰੇ 4 ਵਜੇ ਜਦੋਂ ਉਸ ਨੂੰ ਆਪਣੀ ਬਾਈਕ ‘ਤੇ ਛੱਡਣ ਘਰ ਜਾ ਰਿਹਾ ਸੀ ਤਾਂ ਸਰਾਭਾ ਨਗਰ ਵਿਚ ਬਾਥਰੂਮ ਕਰਨ ਦੇ ਬਹਾਨੇ ਬਾਈਕ ਰੋਕਿਆ ਅਤੇ ਉਸੇ ਸਮੇਂ ਵਿਦਿਆਰਥਣ ‘ਤੇ ਰਿਵਾਲਵਰ ਤਾਣ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦੀ, ਲੱਤ ‘ਤੇ ਗੋਲੀ ਮਾਰ ਕੇ ਨਕਦੀ ਲੁੱਟ ਕੇ ਫਰਾਰ ਹੋ ਗਿਆ। ਪੁਲਸ ਮੁਤਾਬਕ ਜ਼ਖਮੀ ਨੂੰ ਜਿਸ ਔਰਤ ਨੇ ਫੋਨ ਕੀਤਾ ਸੀ, ਉਸ ਦਾ ਮੋਬਾਇਲ ਨੰਬਰ ਬੰਦ ਆ ਰਿਹਾ ਹੈ।