ਜਲੰਧਰ, 8 ਮਈ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੀ ਮੁਹਿੰਮ ਨੇ ਜਲੰਧਰ ਵਿਚ ਹੂੰਝਾ ਫੇਰ ਦਿੱਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਹੱਕ ਵਿਚ ਸ਼ਾਹਕੋਟ ਤੇ ਕਰਤਾਰਪੁਰ ਵਿਚ ਦੋ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ ਤੇ ਵਿਸ਼ਾਲ ਰੋਡ ਸ਼ੋਅ ਵੀ ਕੱਢਿਆ।
ਵੋਟਰਾਂ ਵੱਲੋਂ ਹਲਕੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਨੰਬਰ ਇਕ ’ਤੇ ਲਿਆਉਣ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੈ ਕਿਹਾ ਕਿ ਅੱਜ ਲੋਕਾਂ ਦੀ ਸ਼ਮੂਲੀਅਤ ਤੋਂ ਸਾਬਤ ਹੋ ਗਿਆ ਹੈ ਕਿ ਡਾ. ਸੁੱਖੀ ਨੂੰ ਲੋਕਾਂ ਤੋਂ ਡਟਵੀਂ ਹਮਾਇਤ ਹਾਸਲ ਹੈ ਤੇ ਉਹ ਇਸ ਜ਼ਿਮਨੀ ਚੋਣ ਵਿਚ ਜੇਤੂ ਰਹਿਣਗੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ’ਗਰੀਬ-ਕਿਸਾਨ-ਮਜ਼ਦੂਰ’ ਗਠਜੋੜ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨਾਲ ਵਾਰ ਵਾਰ ਠੱਗੀ ਕਰਨ ਦਾ ਉਹਨਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਹੈ। ਉਹਨਾਂ ਕਿਹਾ ਕਿ ਵਪਾਰੀਆਂ, ਉਦਯੋਗਪਤੀਆਂ, ਔਰਤਾਂ ਤੇ ਨੌਜਵਾਨਾਂ ਵੱਲੋਂ ਚੋਣ ਦੀ ਉਡੀਕ ਕੀਤੀ ਜਾ ਰਹੀਸੀ ਤਾਂ ਜੋ ਆਮ ਆਦਮੀ ਪਾਰਟੀ ਸਰਕਾਰ ਠੁਕਰਾਉਣ ਲਈ ਮੋਹਰ ਲਗਾਈ ਜਾ ਸਕੇ।
ਲੋਕਾਂ ਵੱਲੋਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਵਿਖਾਏ ਪਿਆਰ ਤੇ ਸਨੇਹ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਂ ਬਾਦਲ ਸਾਹਿਬ ਦੇ ਦਰਸਾਏ ਰਾਹ ’ਤੇ ਚੱਲਣ ਲਈ ਵਚਨਬੱਧ ਹਾਂ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਸੰਘਰਸ਼ ਕਰਦਾ ਰਹੇਗਾ ਤੇ ਉਹਨਾਂ ਵੰਡ ਪਾਊ ਤਾਕਤਾਂ ਦੇ ਖਿਲਾਫ ਡਟੇਗਾ ਜੋ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਭੰਗ ਕਰਨਾ ਚਾਹੁੰਦੀਆਂ ਹਨ।
ਸ਼ਾਹਕੋਟ ਤੇ ਕਰਤਾਰਪੁਰ ਦੋਵਾਂ ਥਾਵਾਂ ’ਤੇ ਭਾਵੁਕ ਭਾਸ਼ਣ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਬਾਦਲ ਸਾਹਿਬ ਦਾ ਟਰੈਕ ਰਿਕਾਰਡ ਵੇਖੋ ਜਿਹਨਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਵਾਸਤੇ ਮੁਫਤ ਬਿਜਲੀ ਦਿੱਤੀ, ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ ਤੇ ਸ਼ਗਨ ਵਰਗੀਆਂ ਸਮਾਜ ਭਲਾਈ ਸਕੀਮਾਂ ਚਲਾਈਆਂ ਜਦੋਂ ਕਿ ਕਾਂਗਰਸ ਤੇ ਆਪ ਨੇ ਹਮੇਸ਼ਾ ਕੱਖ ਨਹੀਂ ਕੀਤਾ ਬਲਕਿ ਤੁਹਾਡੇ ਨਾਲ ਧੋਖਾ ਕੀਤਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ 10 ਸਾਲਾਂ ਦੇ ਰਾਜ ਤੇ ਬੇਅੰਤ ਸਿੰਘ ਦੇ ਪੰਜ ਸਾਲ ਦੇ ਰਾਜ ਵਿਚ ਸੂਬੇ ਦਾ ਨੁਕਸਾਨ ਹੀਹੋਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਕੋਲ ਇਸ ਅਰਸੇ ਵਾਸਤੇ ਕੋਈਵੀ ਪ੍ਰਾਪਤੀ ਵਿਖਾਉਣ ਵਾਸਤੇ ਨਹੀਂ ਹੈ।
ਆਮ ਆਦਮੀਪਾਰਟੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹਨਾਂ ਦੀ ਜਿੰਨੀ ਘੱਟ ਗੱਲ ਕਰੀਏ, ਉਨਾ ਚੰਗਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ ਭਾਵੇਂ ਉਹ ਨੌਜਵਾਨ ਹੋਣ ਜੋ ਨੌਕਰੀਆਂ ਉਡੀਕ ਰਹੇ ਹਨ ਜਾਂ ਫਿਰ ਔਰਤਾਂ ਹੋਣ ਜਿਹਨਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਜ਼ਿਮਨੀ ਚੋਣ ਸੂਬੇ ਦੇ ਇਤਿਹਾਸ ਵਿਚ ਇਕ ਨਿਰਣਾਇਕ ਮੋੜ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਪਹਿਲਾਂ ਆਪ ਸੰਗਰੂਰ ਵਿਚ ਹਾਰੀ ਤੇ ਹੁਣ ਇਥੇ ਹਾਰੇਗੀ ਜਿਸ ਨਾਲ ਸੂਬੇ ਵਿਚ ਅਕਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਦਾ ਮੁੱਢ ਬੱਝੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਕੋਦਰ ਵਿਖੇ ਰੋਡ ਸ਼ੋਅ ਦੌਰਾਨ ਲੋਕਾਂ ਦਾ ਭਰਵਾਂ ਇਕੱਠ ਵੇਖਣ ਨੂੰ ਮਿਲਿਆ ਤੇ ਨਕੋਦਰ ਤੋਂ ਨੂਰ ਮਹਿਲ ਤੱਕ 15 ਕਿਲੋਮੀਟਰ ਦੇ ਰਾਹ ’ਤੇ ਅਣਗਿਣਤ ਲੋਕਾਂ ਨੇ ਸਰਦਾਰ ਬਾਦਲ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੀ ਸਨ। ਇਸ ਮੌਕੇ ਸਰਦਾਰ ਬਾਦਲ ਨੇ ਰੋਡ ਸ਼ੋਅ ਦੌਰਾਨ ਹਜ਼ਾਰਾਂ ਲੋਕਾਂ ਦਾ ਪਿਆਰ ਕਬੂਲਿਆ ਜਦੋਂ ਕਿ ਉਹਨਾਂ ਦੇ ਨਾਲ ਤੁਰਦੇ ਕਾਫਲੇ ਵਿਚ ਵੀ ਹਜ਼ਾਰਾਂ ਲੋਕ ਸ਼ਾਮਲ ਸਨ।