ਫਗਵਾੜਾ 25 ਅਗਸਤ (ਸ਼ਿਵ ਕੋੜਾ) ਪੁਨਰਜੋਤ ਦੇ ਅੰਤਰ-ਰਾਸ਼ਟਰੀ ਅਤੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਵੱਲੋਂ ਪੁਨਰਜੋਤ ਆਈ ਬੈਂਕ ਦੇ ਡਾਇਰੈਕਟਰ ਡਾ. ਰਮੇਸ਼ ਦੀ ਅਗਵਾਈ ਵਿੱਚ 35ਵੇਂ ਰਾਸ਼ਟਰੀ ਪੰਦੜਵਾੜੇ ਦੇ ਅਧੀਨ ਅੱਖਾਂ ਦਾਨ ਦੀ ਮੁਹਿੰਮ ਸ਼ੋਸ਼ਲ ਮੀਡੀਆ ਤੇ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅਸ਼ੋਕ ਮਹਿਰਾ ਨੇ ਦੱਸਿਆ ਕਿ ਭਾਰਤ ਵਿੱਚ 25 ਅਗਸਤ ਤੋਂ 8 ਸਤੰਬਰ ਤੱਕ ਲੋਕਾਂ ਨੂੰ ਅੱਖਾਂ ਦਾਨ ਲਈ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਪ੍ਰੇਰਨਾ ਮੁਹਿੰਮ ਚਲਾਈ ਜਾਂਦੀ ਹੈ। ਪੁਨਰਜੋਤ ਆਈ ਬੈਂਕ ਉੱਤਰੀ ਭਾਰਤ ਦੀ ਮੋਢੀ ਆਈ ਬੈਂਕ ਹੈ ਅਤੇ ਹੁਣ ਤੱਕ ਲੱਖਾਂ ਲੋਕਾਂ ਨੂੰ ਅੱਖਾਂ ਦਾਨ ਲਈ ਜਾਗਰੂਕ ਕਰਕੇ 7 ਹਜਾਰ ਤੋਂ ਵੱਧ ਅੱਖਾਂ ਦਾਨ ਕਰਵਾ ਚੁੱਕੀ ਹੈ। ਉਹਨਾਂ ਦੱਸਿਆ ਕਿ ਸਾਡੀਆਂ ਅੱਖਾਂ ਮਰਨ ਤੋਂ ਬਾਅਦ 6 ਘੰਟੇ ਤੱਕ ਜਿਉਂਦੀਆਂ ਹੁੰਦੀਆਂ ਹਨ ਅਤੇ ਜੇਕਰ ਸਮੇਂ ਸਿਰ ਦਾਨ ਹੋ ਜਾਣ ਤਾਂ ਦੋ ਪੁਤਲੀਆਂ ਦੋ ਨੇਤਰਹੀਣਾਂ ਦੀ ਜਿੰਦਗੀ ਨੂੰ ਰੋਸ਼ਨ ਕਰ ਸਕਦੀਆਂ ਹਨ। ਡਾਕਟਰ ਰਮੇਸ਼ ਵਲੋਂ ਦਾਨ ਵਿੱਚ ਆਈਆਂ ਅੱਖਾਂ ਨਾਲ ਹੁਣ ਤੱਕ 5200 ਕੋਰਨੀਆਂ ਟਰਾਂਸਪਲਾਂਟ ਬਿਲਕੁੱਲ ਮੁਫਤ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਅੱਖਾਂ ਸਿਰਫ ਮਰਨ ਤੋਂ ਬਾਅਦ ਹੀ ਦਾਨ ਹੋ ਸਕਦੀਆਂ ਹਨ। ਅੱਖਾਂ ਦੀਆਂ ਐਨਕਾਂ ਵਾਲੇ ਲੋਕ ਚਿੱਟੇ ਮੋਤੀਏ ਦੇ ਅਪਰੇਸ਼ਨ ਅਤੇ ਸ਼ੂਗਰ ਦੇ ਮਰੀਜਾਂ ਦੀਆਂ ਵੀ ਅੱਖਾਂ ਮਰਨ ਤੋਂ ਬਾਅਦ ਦਾਨ ਹੋ ਸਕਦੀਆਂ ਹਨ। ਮਰਨ ਵਾਲੇ ਨੇ ਜੇਕਰ ਅੱਖਾਂ ਦਾਨ ਦਾ ਪ੍ਰਣ ਨਾ ਵੀ ਲਿਆ ਹੋਵੇ ਤਾਂ ਵੀ ਪਰਿਵਾਰ ਦੀ ਸਹਿਮਤੀ ਨਾਲ ਅੱਖਾਂ ਦਾਨ ਹੋ ਸਕਦੀਆਂ ਹਨ। ਪੁਨਰਜੋਤ ਦੇ ਪੰਜਾਬ ਦੇ ਜਿਲਾ ਅਤੇ ਏਰੀਆ ਕੋ-ਆਰਡੀਨੇਟਰ ਹਰ ਸਾਲ ਇਸ ਪੰਦੜਵਾੜੇ ਦੋਰਾਨ ਅੱਖਾਂ ਦਾਨ ਦੀ ਜਾਗਰੂਕਤਾ ਲਈ ਜੋਰ ਸ਼ੋਰ ਨਾਲ ਲੋਕਾਂ ਨੂੰ ਪ੍ਰੇਰਦੇ ਹਨ। ਇਸ ਸਾਲ ਲਾਕਡਾਊਨ ਹੋਣ ਕਰਕੇ ਲੋਕਾਂ ਨੂੰ ਸ਼ੋਸ਼ਲ ਮੀਡੀਆ ਦੇ ਮਾਧਿਅਮ ਰਾਂਹੀ ਅੱਖਾਂ ਦਾਨ ਲਈ ਜਾਗਰੂਕ ਕਰਕੇ ਅੱਖਾਂ ਦਾਨ ਦੇ ਪ੍ਰਣ ਪੱਤਰ ਆਨਲਾਈਨ ਹੀ ਭਰੇ ਜਾਣਗੇ। ਪੁਨਰਜੋਤ ਦੇ ਆਨਰੇਰੀ ਸੈਕਟਰੀ ਸੁਭਾਸ਼ ਮਲਿਕ ਅਨੁਸਾਰ ਪੁਨਰਜੋਤ ਦੀ 25 ਸਾਲ ਦੀ ਜਾਗਰੂਕਤਾ ਮੁਹਿੰਮ ਅਤੇ ਕੋ-ਆਰਡੀਨੇਟਰਾਂ ਦੀ ਮਿਹਨਤ ਸਦਕਾ ਲੋਕਾਂ ਵਿੱਚ ਬਜੁਰਗਾਂ ਦੀ ਮੌਤ ਤੋਂ ਬਾਅਦ ਅੱਖਾਂ ਦਾਨ ਦੇ ਰੁਝਾਨ ਵਿੱਚ ਬਹੁੱਤ ਵਾਧਾ ਹੋਇਆ ਹੈ। ਪਰ ਸੜਕ ਦੁਰਘਟਨਾਵਾਂ ਜਾਂ ਅਚਨਚੇਤ ਮੋਤ ਤੋਂ ਬਾਅਦ ਲੋਕ ਬੱਚਿਆਂ ਜਾਂ ਨੌਜਵਾਨਾਂ ਦੀਆਂ ਅੱਖਾਂ ਦਾਨ ਕਰਨ ਤੋਂ ਝਿਜਕਦੇ ਹਨ। ਭਾਰਤ ਵਿੱਚ ਬਹੁਤ ਸਾਰੇ ਬੱਚੇ ਅਤੇ ਨੌਜਵਾਨ ਕੋਰਨੀਆਂ ਕਰਕੇ ਨੇਤਰਹੀਣ ਹਨ ਜਿਹਨਾਂ ਨੂੰ ਵਧੀਆ ਰੋਸ਼ਨੀ ਲਈ ਗਰੇਡ ਏ ਕੋਰਨੀਆਂ ਦੀ ਲੋੜ ਹੁੰਦੀ ਹੈ। ਅਸ਼ੋਕ ਮਹਿਰਾ ਜੀ ਨੇ ਪੁਨਰਜੋਤ ਪਰਿਵਾਰ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾਨ ਦਾ ਪ੍ਰਣ ਲੈਣ ਅਤੇ ਆਪਣੇ ਕਿਸੇ ਰਿਸ਼ਤੇਦਾਰ ਦੋਸਤ ਜਾਂ ਪਿੰਡ ਸ਼ਹਿਰ ਵਿੱਚ ਕਿਸੇ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਅੱਖਾਂ ਦਾਨ ਲਈ ਪ੍ਰੇਰਿਤ ਕਰਨ। ਸੂਚਨਾ ਮਿਲਣ ਤੇ ਪੁਨਰਜੋਤ ਆਈ ਬੈਂਕ ਦੀ ਟੀਮ ਅੱਖਾਂ ਘਰ ਤੋਂ ਹੀ ਆ ਕੇ ਲੈ ਜਾਵੇਗੀ ਅਤੇ ਇਸ ਪਰਕਿਰਿਆ ਨੂੰ ਅੱਧਾ ਘੰਟਾ ਲਗਦਾ ਹੈ। ਅੱਖਾਂ ਦਾਨ ਕਰਵਾਉਣ ਤੋਂ ਪਹਿਲਾਂ ਸਰਕਾਰੀ ਕਨੂੰਨ ਅਨੁਸਾਰ ਮਰਨ ਵਾਲੇ ਦੇ ਪਰਿਵਾਰ ਦੀ ਸਹਿਮਤੀ ਅਤੇ ਮਰਨ ਵਾਲੇ ਦੇ ਖੂਨ ਦਾ ਸੈਂਪਲ ਲੈਣਾ ਲਾਜਮੀ ਹੈ ਤਾਂ ਜੋ ਅੱਖਾਂ ਦੀ ਸੁਰੱਖਿਅਤਾ ਜਾਂਚ ਹੋ ਸਕੇ। ਕੋਰੋਨਾ ਮਹਾਂਮਾਰੀ ਕਾਰਨ ਮਰਨ ਵਾਲੇ ਦੀ ਕੋਰੋਨਾ ਟੈਸਟ ਦੀ ਰਿਪੋਰਟ ਵੀ ਬਹੁਤ ਜਰੂਰੀ ਹੈ। ਕੋਰੋਨਾ ਕਾਲ ਦੌਰਾਨ ਬਹੁਤ ਸਾਰੇ ਆਈ ਬੈਂਕ ਕਮਿਊਨਿਟੀ ਕੁਲੈਕਸ਼ਨ ਤੋਂ ਪਰਹੇਜ ਕਰ ਰਹੇ ਹਨ ਤਾਂ ਜੋ ਕੋਰੋਨਾ ਦੇ ਫੈਲਣ ਨੂੰ ਰੋਕਿਆ ਜਾ ਸਕੇ। ਹਸਪਤਾਲ ਵਿੱਚ ਜੇਕਰ ਮੌਤ ਦਾ ਕਾਰਨ ਕੋਈ ਹੋਰ ਹੋਵੇ ਅਤੇ ਕੋਰੋਨਾ ਟੈਸਟ ਨੈਗਟਿਵ ਹੋਵੇ ਤਾਂ ਅੱਖਾਂ ਦਾਨ ਡਾਕਟਰੀ ਸਲਾਹ ਅਨੁਸਾਰ ਕੀਤੀਆਂ ਜਾ ਸਕਦੀਆਂ ਹਨ। ਉਕਤ ਅਹੁਦੇਦਾਰਾਂ ਨੇ ਦੱਸਿਆ ਕਿ ਅੱਖਾਂ ਦਾਨ ਦਾ ਪ੍ਰਣ ਲੈਣ ਦੇ ਚਾਹਵਾਨ ਪੁਨਰਜੋਤ ਆਈ ਬੈਂਕ ਦੀ ਸਾਈਟ ‘ਤੇ ਆਪਣੀਆਂ ਅੱਖਾਂ ਦਾਨ ਦਾ ਪ੍ਰਣ ਆਨਲਾਈਨ ਕਰ ਸਕਦੇ ਹਨ ਜੇਕਰ ਕਿਸੇ ਨੂੰ ਪੁਤਲੀਆਂ ਦੇ ਟਰਾਂਪਲਾਂਟ ਦੀ ਜਰੂਰਤ ਹੋਵੇ ਤਾਂ ਉਹ ਮਰੀਜ ਵੀ ਮੁਫਤ ਅੱਖਾਂ ਦਾ ਟਰਾਂਸਪਲਾਂਟ ਕਰਵਾਉਣ ਲਈ ਪੁਨਰਜੋਤ ਆਈ ਬੈਂਕ ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸੰਨੀ ਬੱਧਣ, ਰਾਹੁਲ ਬੰਗਾ, ਕਮਲ ਮਹਿਰਾ ਅਤੇ ਬੇਬੀ ਮੁਸਕਾਨ ਮਹਿਰਾ ਨੇ ਅੱਖਾਂ ਦਾਨ ਦੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ।