ਫਗਵਾੜਾ 24 ਜੂਨ (ਸ਼ਿਵ ਕੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਵਿਧਾਇਕ ਦੀ ਕੁੱਝ ਨਜਦੀਕੀ ਕਾਂਗਰਸੀ ਆਗੂਆਂ ਵਲੋਂ ਫਗਵਾੜਾ ਸ਼ਹਿਰ ਦੇ ਕਰਵਾਏ ਵਿਕਾਸ ਨੂੰ ਝੂਠ ਦਾ ਪੁਲਿੰਦਾ ਦਸਦਿਆਂ ਅੱਜ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਕਿਹਾ ਕਿ ਵਾਰਡ ਨੰਬਰ 16 ਵਿਚ ਪਾਣੀ ਦੀ ਭਾਰੀ ਕਿੱਲਤ ਹੈ ਜਿਸ ਕਰਕੇ ਗਰਮੀ ਦੇ ਮੌਸਮ ਵਿਚ ਲੋਕ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸ ਰਹੇ ਹਨ। ਪੁਰਾਣੀ ਤਹਿਸੀਲ ਵਿਚ ਸਬ-ਮਰਸੀਬਲ ਪੰਪ ਖਰਾਬ ਪਿਆ ਹੈ ਪਰ ਵਾਟਰ ਸਪਲਾਈ ਵਿਭਾਗ ਉਸ ਵਲ ਕੋਈ ਧਿਆਨ ਨਹੀਂ ਦੇ ਰਿਹਾ। ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿਚ ਸੜਕਾਂ ਦੀ ਹਾਲਤ ਖਸਤਾ ਹੈ। ਜਿਸ ਕਰਕੇ ਲੋਕ ਪਰੇਸ਼ਾਨ ਹਨ। ਦੂਸਰੇ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਕੁੱਝ ਮਿਨਟਾ ਦੀ ਬਰਸਾਤ ਨਾਲ ਹੀ ਸ਼ਹਿਰ ਦੇ ਹੇਠਲੇ ਇਲਾਕੇ ਦਰਿਆ ਦਾ ਰੂਪ ਧਾਰ ਲੈਂਦੇ ਹਨ। ਉਹਨਾਂ ਕਿਹਾ ਕਿ ਇਕ ਪਾਸੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਤੇ ਦੂਸਰੇ ਪਾਸੇ ਬਰਸਾਤੀ ਪਾਣੀ ਨੇ ਸ਼ਹਿਰ ਵਾਸੀਆਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਹੈ। ਜੇਕਰ ਵਿਧਾਇਕ ਧਾਲੀਵਾਲ ਅਤੇ ਕਮਿਸ਼ਨਰ ਰਾਜੀਵ ਵਰਮਾ ਦੀ ਨਜ਼ਰ ਵਿਚ ਇਹ ਹੀ ਵਿਕਾਸ ਹੈ ਤਾਂ ਇਸ ਵਿਕਾਸ ਤੋਂ ਪਰਮਾਤਮਾ ਹੀ ਬਚਾਏ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਬਰਸਾਤ ਦਾ ਮੌਸਮ ਕਰੀਬ ਸ਼ੁਰੂ ਹੋ ਚੁੱਕਾ ਹੈ ਅਤੇ ਮਾੜੀਆਂ ਸੜਕਾਂ, ਬਰਸਾਤ ਵਿਚ ਪਾਣੀ ਦਾ ਹੜ ਤੇ ਰਾਤ ਸਮੇਂ ਖਰਾਬ ਸਟਰੀਟ ਲਾਈਟਾਂ ਦੇ ਚਲਦਿਆਂ ਘੁਪ ਹਨੇਰੇ ਦੀ ਕਲਪਨਾ ਨਾਲ ਹੀ ਦਿਲ ਡਰਦਾ ਹੈ ਕਿ ਅਜਿਹੇ ਮਾਹੌਲ ਵਿਚ ਦੇਰ ਸਵੇਰ ਕੋਈ ਵਿਅਕਤੀ ਕਿਸ ਤਰ੍ਹਾਂ ਸਹੀ ਸਲਾਮਤ ਆਪਣੇ ਘਰ ਵਾਪਸ ਪੁੱਜ ਸਕਦਾ ਹੈ। ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਫਗਵਾੜਾ ਦੇ ਲੋਕ ਕਾਂਗਰਸ ਪਾਰਟੀ ਦੇ ਫਰਜ਼ੀ ਵਿਕਾਸ ਦੇ ਦਾਅਵਿਆਂ ਦਾ ਜਵਾਬ ਆਉਣ ਵਾਲੀਆਂ ਕਾਰਪੋਰੇਸ਼ਨ ਅਤੇ ਪੰਜਾਬ ਵਿਧਾਨਸਭਾ ਚੋਣਾਂ ਵਿਚ ਜਰੂਰ ਦੇਣਗੇ।