ਜਲੰਧਰ : ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਆਖਿਆ ਕਿ ਪ੍ਰਸ਼ਾਸਨ ਵੱਲੋਂ ਐਕਵਾਇਰ ਕੀਤੀ ਅੱਠ ਏਕੜ ਜ਼ਮੀਨ ਵਿੱਚ ਫੈਲਿਆ ਨਿੱਕੂ ਪਾਰਕ ਵੀਰਵਾਰ ਦੀ ਸਵੇਰ ਨੂੰ ਆਮ ਲੋਕਾਂ ਲਈ ਖੁੱਲ ਜਾਵੇਗਾ ਅਤੇ ਅਗਲੇ ਹੁਕਮਾਂ ਤੱਕ 13 ਮੈਂਬਰੀ ਕਮੇਟੀ ਇਸ ਦੇ ਰੱਖ-ਰਖਾਅ ਨੂੰ ਯਕੀਨੀ ਬਣਾਵੇਗੀ।
ਡਿਪਟੀ ਕਮਿਸ਼ਨਰ ਨੇ ਅੱਜ ਸ਼ਾਮ ਇਸ ਪਾਰਕ ਦਾ ਦੌਰਾ ਵੀ ਕੀਤਾ। ਉਨਾਂ ਕਿਹਾ ਕਿ ਜੁਆਇੰਟ ਕਮਿਸ਼ਨਰ ਸ੍ਰੀ ਹਰਚਰਨ ਸਿੰਘ ਦੀ ਅਗਵਾਈ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਐਸ.ਡੀ.ਐਮ ਸ੍ਰੀ ਸੰਜੀਵ ਸ਼ਰਮਾ, ਜ਼ਿਲਾ ਮਾਲ ਅਫ਼ਸਰ ਸ੍ਰੀ ਜਸ਼ਨਜੀਤ ਸਿੰਘ, ਡਿਵੀਜ਼ਨਲ ਜੰਗਲਾਤ ਅਫ਼ਸਰ ਸ੍ਰੀ ਕੇ.ਐਸ. ਗਿੱਲ, ਜ਼ਿਲਾ ਬਾਗਬਾਨੀ ਅਫ਼ਸਰ, ਤਹਿਸੀਲਦਾਰ ਜਲੰਧਰ ਸ੍ਰੀ ਮਨਦੀਪ ਸਿੰਘ ਮਾਨ, ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਜਲੰਧਰ ਸ੍ਰੀ ਦਲਜੀਤ ਸਿੰਘ, ਸੁਪਰਡੰਟ ਨਗਰ ਨਿਗਮ ਜਲੰਧਰ ਸ੍ਰੀ ਮਨਦੀਪ ਸਿੰਘ, ਬਾਗਬਾਨੀ ਦੇ ਜੂਨੀਅਰ ਇੰਜੀਨੀਅਰ ਸ੍ਰੀ ਓਂਕਾਰ ਨਾਥ, ਸਮਾਜ ਸੇਵੀ ਸ੍ਰੀ ਆਤਮਜੀਤ ਸਿੰਘ ਬਾਵਾ, ਸਮਾਜਿਕ ਵਰਕਰ ਮੇਜਰ ਜਨਰਲ (ਰਿਟਾਇਰਡ) ਸ੍ਰੀ ਬਲਵਿੰਦਰ ਸਿੰਘ, ਲੈਫੀਟੇਨੈਂਟ ਕਰਨਲ (ਰਿਟਾਇਰਡ) ਮਨਮੋਹਣ ਸਿੰਘ ਅਤੇ ਉੱਘੇ ਬਾਗਬਾਨੀ ਮਾਹਿਰ ਤੇ ਵਾਤਾਵਰਣ ਪ੍ਰੇਮੀ ਡਾ. ਜਸਵਿੰਦਰ ਸਿੰਘ ਬਿਲਗਾ ਇਸ ਦੇ ਮੈਂਬਰ ਹੋਣਗੇ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਹ ਅੰਤਿ੍ਰਮ ਕਮੇਟੀ ਨਿਰੰਤਰ ਤੌਰ ’ਤੇ ਪਾਰਕ ਦੇ ਰੱਖ-ਰਖਾਅ ਨੂੰ ਯਕੀਨੀ ਬਣਾਵੇਗੀ ਅਤੇ ਜਨਤਕ ਹਿੱਤ ਦੇ ਮੱਦੇਨਜ਼ਰ ਇਸ ਦੀ ਹਰਿਆਲੀ ਨੂੰ ਕਾਇਮ ਰੱਖਣ ’ਤੇ ਜ਼ੋਰ ਦੇਵੇਗੀ।
ਡਿਪਟੀ ਕਮਿਸ਼ਨਰ ਨੇ ਆਖਿਆ ਕਿ 18 ਸਤੰਬਰ ਨੂੰ ਪ੍ਰਸ਼ਾਸਨ ਵੱਲੋਂ ਇਸ ਪਾਰਕ ਦੀ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਇਸ ਜ਼ਮੀਨ ਦੀ ਵਰਤੋਂ ਕਰਨ ਬਾਰੇ ਫੈਸਲਾ ਪੰਜਾਬ ਸਰਕਾਰ ਦੇ ਪੱਧਰ ’ਤੇ ਲਿਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੱਧਰ ’ਤੇ ਇਸ ਬਾਰੇ ਕੋਈ ਅੰਤਿਮ ਫੈਸਲਾ ਲਏ ਜਾਣ ਤੱਕ ਕਮੇਟੀ ਹੀ ਇਸ ਪਾਰਕ ਦੀ ਸਾਂਭ-ਸੰਭਾਲ ਕਰੇਗੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਪਾਰਕ ਦੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਪਹਿਲਾ ਵਾਂਗ ਹੀ ਰਹੇਗਾ ਅਤੇ ਇਸ ਪਾਰਕ ਸਬੰਧੀ ਬਾਕੀ ਸਾਰੀਆਂ ਰਸਮਾਂ ਵੀ ਪਹਿਲਾਂ ਵਾਲੀਆਂ ਹੀ ਹੋਣਗੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਬੀਰ ਸਿੰਘ, ਐਸ ਡੀ ਐਮ ਸ੍ਰੀ ਸੰਜੀਵ ਸ਼ਰਮਾ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸ੍ਰੀ ਹਰਚਰਨ ਸਿੰਘ, ਜ਼ਿਲਾ ਮਾਲ ਅਫਸਰ ਸ੍ਰੀ ਜਸ਼ਨਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।