ਫਗਵਾੜਾ 11 ਮਈ (ਸ਼਼ਿਵ ਕੋੋੜਾ) ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਫਗਵਾੜਾ ਵਲੋਂ ਸ਼ਾਖਾ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਅੱਜ ਸਤਨਾਮਪੁਰਾ ਥਾਣਾ ਵਿਖੇ ਪੁਲਿਸ ਮੁਲਾਜਮਾ ਨੂੰ ਕੋਵਿਡ-19 ਕੋਰੋਨਾ ਵਾਇਰਸ ਤੋਂ ਬਚਾਅ ਲਈ ਫੇਸ ਮਾਸਕ ਅਤੇ ਸੈਨੀਟਾਇਜਰ ਵੰਡੇ ਗਏ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਰਾਹੀਂ ਮੁਲਾਜਮਾ ਨੂੰ 30 ਸੈਨੀਟਾਇਜਰ ਅਤੇ 200 ਫੇਸ ਮਾਸਕ ਭੇਂਟ ਕੀਤੇ ਗਏ। ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਵਿਚ ਪੁਲਿਸ ਮੁਲਾਜਮ ਆਪਣੀ ਜਿੰਦਗੀ ਨੂੰ ਖਤਰੇ ਵਿਚ ਪਾ ਕੇ ਡਿਉਟੀ ਕਰਦੇ ਹਨ ਤਾਂ ਜੋ ਕਾਨੂੰਨ ਵਿਵਸਥਾ ਸੁਚਾਰੂ ਬਣੀ ਰਹਿ ਸਕੇ। ਇਸ ਤੱਥ ਨੂੰ ਮੁੱਖ ਰਖਦਿਆਂ ਅੱਜ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਲਦੀ ਹੀ ਹੋਰ ਥਾਣਿਆਂ ਵਿਚ ਤਾਇਨਾਤ ਮੁਲਾਜਮਾ ਨੂੰ ਵੀ ਫੇਸ ਮਾਸਕ ਅਤੇ ਸੈਨੀਟਾਇਜਰ ਵੰਡੇ ਜਾਣਗੇ। ਇਸ ਦੌਰਾਨ ਐਸ.ਐਚ.ਓ. ਸੁਰਜੀਤ ਸਿੰਘ ਪੱਤੜ ਨੇ ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਅਤੇ ਖਾਸ ਤੌਰ ਤੇ ਗੁਰਦੀਪ ਸਿੰਘ ਕੰਗ ਵਲੋਂ ਕੀਤੇ ਉਪਰਾਲੀ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੁਲਿਸ ਹਰ ਸਮੇਂ ਜਨਤਾ ਦੀ ਸੇਵਾ ਵਿਚ ਹਾਜਰ ਹੈ। ਕੋਵਿਡ-19 ਦੀ ਦੂਸਰੀ ਲਹਿਰ ਬੇਹਦ ਖਤਰਨਾਕ ਹੈ ਇਸ ਲਈ ਆਮ ਜਨਤਾ ਦਾ ਪੁਲਿਸ ਨੂੰ ਸਹਿਯੋਗ ਬਹੁਤ ਜਰੂਰੀ ਹੈ ਤਾਂ ਜੋ ਇਸ ਮਹਾਮਾਰੀ ਨੂੰ ਕਾਬੂ ਕੀਤਾ ਜਾ ਸਕੇ। ਗੁਰਦੀਪ ਸਿੰਘ ਕੰਗ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਬਿਨਾ ਖਾਸ ਜਰੂਰੀ ਕੰਮ ਦੇ ਘਰੋਂ ਬਾਹਰ ਨਾ ਆਉਣ ਅਤੇ ਫੇਸ ਮਾਸਕ ਤੇ ਸਰੀਰਿਕ ਦੂਰੀ ਆਦਿ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਫੋਰਮ ਦੇ ਅਹੁਦੇਦਾਰਾਂ ਵਿਚ ਸੁਨੀਲ ਢੀਂਗਰਾ, ਵਿਨੇ ਕੁਮਾਰ ਬਿੱਟੂ, ਹਰਭਜਨ ਸਿੰਘ ਲੱਕੀ, ਵਿਪਨ ਕੁਮਾਰ, ਰਣਧੀਰ ਕਰਵਲ ਤੋਂ ਇਲਾਵਾ ਏ.ਐਸ.ਆਈ. ਬਲਵਿੰਦਰ ਰਾਏ, ਬਲਵੰਤ ਸਿੰਘ, ਰਣਜੀਤ ਸਿੰਘ, ਜਰਨੈਲ ਸਿੰਘ, ਤਰਸੇਮ ਸਿੰਘ ਪਵਿੰਦਰ ਸਿੰਘ, ਹੌਲਦਾਰ ਲਵਪ੍ਰੀਤ ਸਿੰਘ, ਜਗਮੀਤ ਸਿੰਘ, ਦਲਜੀਤ ਸਿੰਘ, ਸਿਮਰਨਜੀਤ ਕੌਰ ਆਦਿ ਹਾਜਰ ਸਨ।