ਫਗਵਾੜਾ 22 ਅਪ੍ਰੈਲ (ਸ਼਼ਿਵ ਕੋੋੜਾ) ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇਕ ਵਾਰ ਫਿਰ ਸਥਾਨਕ ਕਾਂਗਰਸ ਲੀਡਰਸ਼ਿਪ ਅਤੇ ਸਿਵਲ ਪ੍ਰਸ਼ਾਸਨ ਦੀ ਕਾਰਗੁਜਾਰੀ ਦੀ ਸਖ਼ਤ ਨੁਕਤੀਚੀਨੀ ਕਰਦਿਆਂ ਕਿਹਾ ਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਾਲ ਸਬੰਧਤ ਧੜੇ ਦੇ ਸੀਨੀਅਰ ਆਗੂਆਂ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰਾਂ ਵਲੋਂ ਨਵੀਂਆਂ ਵੋਟਾਂ ਬਨਾਉਣ ਦੇ ਨਾਮ ਤੇ ਫਰਜੀਵਾੜਾ ਕਰਦਿਆਂ ਸੈਂਕੜੇ ਜਾਅਲੀ ਵੋਟਾਂ ਬਣਵਾਈਆਂ ਗਈਆਂ ਹਨ। ਕਿਉਂਕਿ ਪ੍ਰਸ਼ਾਸਨ ਨੇ ਵਿਰੋਧੀ ਧਿਰਾਂ ਨੂੰ ਦੱਸਿਆ ਹੀ ਨਹੀਂ ਕਿ ਨਵੀਂਆਂ ਵੋਟਾਂ ਬਨਾਉਣ ਲਈ 16 ਤੋਂ 22 ਅਪ੍ਰੈਲ ਤਕ ਦਾ ਸਮਾਂ ਮਿੱਥਿਆ ਗਿਆ ਹੈ। ਉੱਹ ਅੱਜ ਪਿਛਲੇ ਦਿਨੀਂ ਜਾਰੀ ਹੋਈਆਂ ਵੋਟਰ ਸੂਚੀਆਂ ਦੇ ਇਤਰਾਜ ਦਰਜ ਕਰਵਾਉਣ ਦੇ ਆਖਰੀ ਦਿਨ ਸਾਬਕਾ ਭਾਜਪਾ ਕੌਂਸਲਰਾਂ ਅਤੇ ਪਾਰਟੀ ਆਗੂਆਂ ਸਮੇਤ ਐਸ.ਡੀ.ਐਮ. ਦਫਤਰ ਪੁੱਜੇ ਸਨ ਜਿੱਥੇ ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਨਾਲ ਉਹਨਾਂ ਦੀ ਇਸ ਗੱਲ ਨੂੰ ਲੈ ਕੇ ਬਹਿਸ ਵੀ ਹੋਈ ਕਿ ਸੱਤਾ ਧਿਰ ਦੇ ਦਰਜਨਾ ਆਗੂ ਹਰ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ ‘ਚ ਵਿਰਾਜਮਾਨ ਰਹਿੰਦੇ ਹਨ ਜਿਵੇਂ ਕਿ ਇਹ ਉਹਨਾਂ ਦੇ ਨਿਜੀ ਦਫਤਰ ਜਾਂ ਘਰ ਹੋਣ ਪਰ ਜਦੋਂ ਵਿਰੋਧੀ ਧਿਰ ਦੇ ਆਗੂ ਕਿਸੇ ਜਰੂਰੀ ਕੰਮ ਲਈ ਆਉਂਦੇ ਹਨ ਤਾਂ ਉਹਨਾਂ ਨੂੰ ਕੋਰੋਨਾ ਦਾ ਹਵਾਲਾ ਦੇ ਕੇ ਕਿਹਾ ਜਾਂਦਾ ਹੈ ਕਿ ਸਿਰਫ ਪੰਜ ਬੰਦੇ ਹੀ ਅੰਦਰ ਆ ਸਕਦੇ ਹਨ ਜੋ ਕਿ ਸਰਾਸਰ ਜਿਆਦਤੀ ਹੈ। ਉਹਨਾਂ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਗੁਟ ਦੇ ਕਾਂਗਰਸੀ ਆਗੂਆਂ ਦੀ ਪ੍ਰਸ਼ਾਸਨ ਨਾਲ ਮਿਲੀਭੁਗਤ ਹੈ ਜਿਸ ਬਾਰੇ ਉਹੀ ਨਹੀਂ ਸਗੋਂ ਕਾਂਗਰਸ ਦੇ ਸੀਨੀਅਰ ਆਗੂ ਵੀ ਵਾਰ-ਵਾਰ ਇਸ਼ਾਰਾ ਕਰ ਰਹੇ ਹਨ। ਜਿਹਨਾਂ ਵਿਚ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਤੋਂ ਬਾਅਦ ਹੁਣ ਇਕ ਹੋਰ ਕਾਂਗਰਸੀ ਆਗੂ ਅੰਕੁਸ਼ ਧੀਮਾਨ ਵੀ ਸ਼ਾਮਲ ਹੋ ਗਏ ਹਨ ਜਿਹਨਾਂ ਦੀ ਵੀਡੀਓ ਅੱਜਕਲ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਉਹ ਧਾਲੀਵਾਲ ਗੁੱਟ ਦੇ ਕਾਂਗਰਸੀ ਆਗੂਆਂ ਤੇ ਪ੍ਰਸ਼ਾਸਨ ਦੀ ਕਾਰਗੁਜਾਰੀ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਹਨ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਾਰ-ਵਾਰ ਤਬਾਦਲੇ ਅਤੇ ਖਾਸ ਤੌਰ ਤੇ ਵੋਟਰ ਸੂਚੀਆਂ ਨਾਲ ਛੇੜਛਾੜ ਦੀ ਸ਼ਿਕਾਇਤ ਪੁਲਿਸ ਨੂੰ ਕਰਨ ਵਾਲੇ ਐਸ.ਡੀ.ਐਮ. ਦਾ ਬਿਨਾ ਕਾਰਨ ਤਬਾਦਲਾ ਤੇ ਨਾਲ ਹੀ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਉਣ ਦੀ ਪੁਲਿਸ ਪ੍ਰਸ਼ਾਸਨ ਦੀ ਕਵਾਇਦ ਸਾਬਿਤ ਕਰਦੀ ਹੈ ਕਿ ਵਿਧਾਇਕ ਧਾਲੀਵਾਲ ਗੁਟ ਅਤੇ ਪ੍ਰਸ਼ਾਸਨ ਵਿਚ ਅੰਦਰ ਹੀ ਅੰਦਰ ਕੋਈ ਖਿਚੜੀ ਪਕ ਰਹੀ ਹੈ। ਖੋਸਲਾ ਦੇ ਨਾਲ ਹੀ ਮੌਜੂਦ ਸੀਨੀਅਰ ਭਾਜਪਾ ਆਗੂਆਂ ਅਤੇ ਸਾਬਕਾ ਭਾਜਪਾ ਕੌਂਸਲਰਾਂ ਨੇ ਵੀ ਸਪਸ਼ਟ ਕਿਹਾ ਕਿ ਕਾਂਗਰਸ ਦੀ ਹਰ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਬਲਭੱਦਰ ਸੈਨ ਦੁੱਗਲ, ਮੰਡਲ ਭਾਜਪਾ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ, ਸਾਬਕਾ ਕੌਂਸਲਰ ਪਰਮਜੀਤ ਖੁਰਾਣਾ, ਚੰਦਾ ਮਿਸ਼ਰਾ, ਰਾਜਕੁਮਾਰ ਗੁਪਤਾ, ਬੀਰਾ ਰਾਮ ਬਲਜੋਤ, ਪ੍ਰਦੀਪ ਆਹੂਜਾ, ਸਾਬਕਾ ਸਰਪੰਚ ਚਰਨਜੀਤ ਗੋਬਿੰਦਪੁਰਾ, ਲੱਕੀ ਸਰਵਟਾ, ਅਸ਼ੋਕ ਜਲੋਟਾ, ਜਸਵਿੰਦਰ ਕੌਰ, ਚੰਦਰੇਸ਼ ਕੌਲ, ਪ੍ਰਮੋਦ ਮਿਸ਼ਰਾ, ਜਤਿੰਦਰ ਕੁਮਾਰ ਆਦਿ ਹਾਜਰ ਸਨ।