ਜਲੰਧਰ : ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ 35 ਸਿੱਖ ਸੰਸਥਾਵਾਂ ਦਾ ਸਾਂਝਾ ਮੰਚ ਹੈ ਜੋ ਪੰਥ ਦੀ ਇਕਸੁਰਤਾ ਇਕਸਾਰਤਾ ਲਈ ਯਤਨਸ਼ੀਲ ਹੈ ,ਅਜੋਕੇ ਸਮੇਂ ਦੇ ਬਣੇ ਹਾਲਾਤਾਂ ਵਿੱਚ ਸਾਡੀ ਕੌਮੀਅਤ ਦੀ ਉਲਝੀ ਤੰਦ ਨੂੰ ਨਰੋਈ ਕਰਨਾ ਅਤਿ ਜ਼ਰੂਰੀ ਹੈ !
ਇਸ ਆਸ਼ੇ ਦੀ ਪੂਰਤੀ ਲਈ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਇਸ ਸੁਨਹਿਰੀ ਮੌਕੇ ਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਮਿਤੀ 19 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਰਾਮਗੜ੍ਹੀਆ ਗਰਲਜ਼ ਕਾਲਜ ਨੇੜੇ ਵਿਸ਼ਵਕਰਮਾ ਚੌਕ ਲੁਧਿਆਣਾ ਵਿਖੇ ਇੰਟਰਨੈਸ਼ਨਲ ਸਿੱਖ ਯੂਥ ਕਾਨਫ਼ਰੰਸ ਕਰਵਾਈ ਜਾ ਰਹੀ ਹੈ !
ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵੱਖ ਵੱਖ ਖੇਤਰਾਂ ਵਿੱਚ ਉੱਚੇ ਮੁਕਾਮ ਹਾਸਲ ਕਰਨ ਵਾਲੇ ਸਿੱਖ ਨੌਜਵਾਨ ਪੰਜਾਬ ਦੇ ਨੌਜਵਾਨਾਂ ਦੇ ਰੂਬਰੂ ਹੋਣਗੇ !
ਆਪਣੀ ਕੌਮੀ ਵਿਰਾਸਤ ਨੂੰ ਸੰਭਾਲਦਿਆਂ ਹੋਇਆ ਉਨ੍ਹਾਂ ਨੇ ਸੰਸਾਰ ਪੱਧਰ ਤੇ ਕਿਵੇਂ ਮੱਲਾਂ ਮਾਰੀਆਂ, ਆਪਣੀ ਸਫਲਤਾ ਦੀ ਕਹਾਣੀ ਪੰਜਾਬ ਦੀ ਜਵਾਨੀ ਨਾਲ ਸਾਂਝੀ ਕਰਨਗੇ!
ਅੱਜ ਸਮੇਂ ਦੀ ਮੁੱਖ ਮੰਗ ਹੈ ਕਿ ਪੰਜਾਬ ਦੀ ਜਵਾਨੀ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਮਨੁੱਖਤਾਵਾਦੀ ਸਿਧਾਂਤ ਦੀ ਰੌਸ਼ਨੀ ਵਿੱਚ ਸਮੇਂ ਦੇ ਹਾਣੀ ਬਣਾ ਕੇ ਸਿੱਖ ਕੌਮ ਦੀ ਸੰਸਾਰ-ਪੱਧਰੀ ਹੋਂਦ ਦੇ ਸਮੀਕਰਨਾਂ ਅਤੇ ਸੰਭਾਵਨਾਵਾਂ ਤੇ ਚਰਚਾ ਕਰੀਏ !
ਅਸੀਂ ਇਸ ਕਾਨਫਰੰਸ ਦੇ ਮਕਸਦ ਦੀ ਪੂਰਤੀ ਲਈ ਆਪ ਜੀ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਆਪ ਜੀ ਆਪਣੇ ਸਾਥੀਆਂ ਸਣੇ ਇਸ ਵਿਸ਼ਵ ਪੱਧਰੀ ਕਾਨਫਰੰਸ ਦਾ ਹਿੱਸਾ ਬਣ ਕੇ ਕੌਮੀ ਭਵਿੱਖ ਦੀ ਘਾੜਤ ਵਿੱਚ ਆਪਣਾ ਯੋਗਦਾਨ ਪਾਉਣ ਦਾ ਮਾਣ ਹਾਸਲ ਕਰਨ ਦੀ ਕਿਰਪਾਲਤਾ ਕਰੋ ਜੀ!
ਮੁੱਖ ਬੁਲਾਰੇ -:
ਸ: ਤਨਮਨਜੀਤ ਸਿੰਘ ਢੇਸੀ ਪਹਿਲੇ ਸਿੱਖ ਐੱਮ ਪੀ ਇੰਗਲੈਂਡ
ਡਾ: ਰਾਜਵੰਤ ਸਿੰਘ ਮੁਖੀ ਈਕੋ ਸਿੱਖ ਅਮਰੀਕਾ
ਡਾ ਸੁਖਪ੍ਰੀਤ ਸਿੰਘ ਉਧੋਕੇ ਵਿਸ਼ਵ ਪ੍ਰਸਿੱਧ ਇਤਿਹਾਸਕਾਰ
ਸਰਦਾਰ ਕਰਤਾਰ ਸਿੰਘ ਸਿੱਖ ਚੈਪਲਨ ਇੰਗਲੈਂਡ
ਬੀਬੀ ਮਨਦੀਪ ਕੌਰ ਇੰਗਲੈਂਡ
ਸ: ਗਗਨਦੀਪ ਸਿੰਘ ਰਾਸ਼ਟਰੀ ਐਵਾਰਡ ਜੇਤੂ ਸਪੇਨ
ਸ: ਕਰਨਜੀਤ ਸਿੰਘ ਅੰਤਰਰਾਸ਼ਟਰੀ ਬਿਜਨਸਮੈਨ ਸਵਿਟਜ਼ਰਲੈਂਡ
20 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਗਲੋਬਲ ਇੰਟਰਫੇਥ ਸਮਿਟ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ! ਜਿਸ ਵਿੱਚ ਦੁਨੀਆਂ ਭਰ ਤੋਂ ਪ੍ਰਮੁੱਖ ਧਰਮਾਂ ਦੇ ਮੁੱਖ ਆਗੂ ਅਤੇ ਸਕਾਲਰ ਗੁਰੂ ਨਾਨਕ ਸਾਹਿਬ ਦੀ ਜੀਵਨੀ ਅਤੇ ਸੁਨੇਹੇ ਦੀਆਂ ਬਾਤਾਂ ਸਾਂਝੀਆਂ ਕਰਨਗੇ !
ਇਸ ਕਾਨਫਰੰਸ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਆਗੂ ਜਿਨ੍ਹਾਂ ਵਿੱਚ
ਮਿਸਟਰ ਕੇਵਿਨ ਡੀ ਕਾਰਲ ਯਹੂਦੀ ਸਕਾਲਰ ਸਵਿਟਜ਼ਰਲੈਂਡ ਤੋਂ ਬ੍ਰਹਮ ਕੁਮਾਰੀ ਅਨੀਤਾ ਜੀ
(ਬ੍ਰਹਮਾਕੁਮਾਰੀ ਅਧਿਆਤਮਕ ਯੂਨੀਵਰਸਿਟੀ )ਤੋਂ ਮੌਲਾਨਾ ਮੁਹੰਮਦ ਉਮੇਰ ਇਲਿਆਸੀ (ਚੀਫ ਸ਼ਾਹੀ ਇਮਾਮ ਇੰਡੀਆ)
ਬਿਸ਼ਪ ਅਜੀਤ ਪੈਟ੍ਰਿਕ (ਸੈਕਟਰੀ ਦੀ ਆਰਚ ਬਿਸ਼ਪ ਆਫ਼ ਦਿੱਲੀ )
ਨਿਕੋਲਸ ਵ੍ਰੀਲੈਂਡ (ਦੀ ਡਾਇਰੈਕਟਰ ਆਫ ਤਿਬਤੀਅਨ ਸੈਂਟਰ ਨਿਊਯਾਰਕ) ਤੋਂ ਸ਼ਾਮਿਲ ਹੋਣਗੇ !
ਆਪ ਜੀ ਨੂੰ ਦੋਵਾਂ ਕਾਨਫਰੰਸਾਂ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ !