ਜਲੰਧਰ : ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਨੁੱਖੀ ਜੀਵਨ ਵਿੱਚ ਨਸ਼ਿਆਂ ਦੀ ਖਪਤ ਦੇ ਨਤੀਜਿਆਂ ਬਾਰੇ ਜਾਣੂ ਕਰਵਾਉਣ ਲਈ ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਵਿਖੇ ਟ੍ਰੈਫਿਕ ਨਿਯਮਾਂ ਅਤੇ ਨਸ਼ਾ ਵਿਰੋਧੀ ਵਿਸ਼ੇ ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਤੇ ਗਿਆ। ਸੈਸ਼ਨ ਦੀ ਸ਼ੁਰੂਆਤ ਸਹਾਇਕ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਰਮੇਸ਼ ਕੁਮਾਰ ਦੁਆਰਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁਲੱਰ, ਡੀਸੀਪੀ ਟ੍ਰੈਫਿਕ ਨਰੇਸ਼ ਡੋਗਰਾ, ਏ.ਡੀ.ਸੀ.ਪੀ. ਟ੍ਰੈਫਿਕ ਗਗਨੇਸ਼ ਕੁਮਾਰ ਅਤੇ ਏ.ਸੀ.ਪੀ. ਟ੍ਰੈਫਿਕ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋਫੇਸਰ ਦੀਪਕ ਪਾਲ (ਪਿ੍ਰੰਸੀਪਲ ਐਚ.ਐਮ.) ਵੱਲੋਂ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਸ਼ਮਸ਼ੇਰ ਸਿੰਘ ਨੇ ਹਾਦਸਿਆਂ ਤੋਂ ਬਚਣ ਲਈ ਮੁੱਖ ਨੁਕਤਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸੀਟ ਬੇਲਟ, ਹੈਲਮੇਟ, ਸੜਕ ਤੇ ਕਾਰਾਂ ਦਰਮਿਆਨ ਦੂਰੀ ਬਣਾਏ ਰਖਣ ਦਾ ਮਹੱਤਵ ਆਦਿ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ, ਸਮੇਂ ਦੇ ਪਾਬੰਦ ਰਹਿਣ ਲਈ ਕਿਹਾ। ਰਮੇਸ਼ ਕੁਮਾਰ ਨੇ ਟ੍ਰੈਫਿਕ ਸੰਕੇਤਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਸ਼ਮਸ਼ੇਰ ਸਿੰਘ ਨੇ ਮਨੁੱਖੀ ਜੀਵਨ ਵਿੱਚ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਦਸਦੇ ਹੋਏ ਕਿਹਾ ਕਿ, ਵਿਦਿਆਰਥੀਆਂ ਨੂੰ ਆਪਣੀ ਸਮਸਿਆਵਾਂ ਤੋਂ ਬਚਣ ਲਈ ਨਸ਼ਿਆਂ ਦੀ ਵਰਤੋਂ ਕਰਨ ਦੀ ਬਜਾਏ, ਆਪਣੀਆਂ ਸਮਸਿਆਵਾਂ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨਾਲ ਸਾਝੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹਨਾਂ ਦੀ ਸਮਸਿਆਵਾਂ ਦਾ ਸਹੀ ਸਮਾਧਾਨ ਨਿਕਲ ਸਕੇ। ਪੁਰਸ਼ੋਤਮ (ਅਸਿਸਟੈਂਟ ਪ੍ਰੋਫੈਸਰ) ਨੇ ਮਹਿਮਾਨ ਸਪੀਕਰ ਦਾ ਧੰਨਵਾਦ ਕਰਦੇੇ ਹੋਏ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਹਰ ਨਾਗਰਿਕ ਦੀ ਜਿੰਮੇਵਾਰੀ ਹੈ।