ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਰਣੀਆਂ ਅਤੇ ਬੱਧਣੀ ਵਿਚਕਾਰ ਪੈਂਦੀ ਨਹਿਰ ‘ਤੇ ਇੱਕ ਪ੍ਰੇਮੀ ਜੋੜੇ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਤੋਂ ਬਾਅਦ ਅਜਿਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਿੰਡ ਚੰਦਪੁਰਾਣਾ ਟਿੱਬੀਆਂ ਦੇ ਇੱਕ ਪ੍ਰੇਮੀ ਜੋੜੇ ਵਲੋਂ ਬਾਹਰ ਖੇਤਾਂ ‘ਚ ਮੋਟਰ ‘ਤੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਗਈ। ਮ੍ਰਿਤਕਾਂ ਦੀ ਪਹਿਚਾਣ ਰਮਨਦੀਪ ਕੌਰ (18) ਅਤੇ ਰਾਜਪ੍ਰੀਤ ਸਿੰਘ (23) ਦੇ ਰੂਪ ‘ਚ ਹੋਈ ਹੈ। ਜ਼ਿਕਰਯੋਗ ਹੈ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪ੍ਰੇਮੀ ਜੋੜਾ ਵਿਆਹੁਤਾ ਜੋੜੇ ਦੇ ਰੂਪ ‘ਚ ਸਜਿਆ ਹੋਇਆ ਸੀ। ਲੜਕੀ ਨੇ ਸ਼ਗਨਾਂ ਵਾਲਾ ਸੂਟ, ਹੱਥਾਂ ‘ਚ ਚੂੜਾ ਅਤੇ ਕਲੀਰੇ ਪਾਏ ਹੋਏ ਸਨ। ਉੱਥੇ ਹੀ ਲੜਕੇ ਦੇ ਹੱਥਾਂ ‘ਤੇ ਗਾਨੇ ਬੰਨ੍ਹੇ ਹੋਏ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।