ਜਲੰਧਰ 24 ਜੁਲਾਈ 2020

ਨਿੱਜੀ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜ਼ਾਂ ਨੂੰ ਵਧੀਆ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ  ਘਨਸ਼ਿਆਮ ਥੋਰੀ ਵਲੋਂ ਬਣਾਈ ਗਈ ਉਚੱ ਤਾਕਤੀ ਕਮੇਟੀ ਵਲੋਂ ਕੋਵਿਡ ਦੇ ਮਰੀਜਾਂ ਲਈ ਬੈਡਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਉਪਲਬੱਧਤਾ ਦਾ ਜਾਇਜ਼ਾ ਲਿਆ ਗਿਆ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਦੀ ਪ੍ਰਧਾਨਗੀ ਹੇਠ ਕਮੇਟੀ ਵਲੋਂ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸ਼ਹਿਰ ਦੇ 26 ਹਸਪਤਾਲਾਂ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸਾਰੰਗਲ ਨੇ ਦੱਸਿਆ ਕਿ ਇਹ 26 ਨਿੱਜੀ ਹਸਪਤਾਲ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਦੇ ਇਲਾਜ ਲਈ ਅੱਗੇ ਆਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਅਤੇ ਸਿਵਲ ਪ੍ਰਸ਼ਾਸਨ ਦੇ ਨੋਡਲ ਅਫ਼ਸਰਾਂ ਵਲੋਂ ਇਨ੍ਹਾਂ ਨਿੱਜੀ ਹਸਪਤਾਲਾਂ ਨਾਲ ਲਗਾਤਾਰ ਤਾਲਮੇਲ ਰੱਖਿਆ ਜਾ ਰਿਹਾ ਹੈ ਤਾਂ ਜੋ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਲਈ ਇਨਾਂ ਹਸਪਤਾਲਾਂ ਵਿੱਚ ਮੌਜੂਦ ਮੈਡੀਕਲ ਬੁਨਿਆਦੀ ਢਾਂਚੇ ਦੀ ਉਪਲਬੱਧਤਾ ਦੀ ਵਰਤੋਂ ਕੀਤੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਲੋਂ ਸਾਂਝੇ ਤੌਰ ’ਤੇ ਬੈਡਾਂ ਤੱਕ ਪਾਈਪ ਰਾਹੀਂ ਆਕਸੀਜਨ ਪਹੁੰਚਾਉਣ ਅਤੇ ਵੈਂਟੀਲੇਟਰ ਸਬੰਧੀ ਮੁਕੰਮਲ ਰਿਪੋਰਟ ਤਿਆਰ ਕੀਤੀ ਜਾਵੇਗੀ ਤਾਂ ਜੋ ਗੰਭੀਰ ਮਰੀਜ਼ਾਂ ਨੂੰ ਵਧਾਈਆਂ ਇਲਾਜ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਵਲੋਂ ਪੰਜਾਬ ਸਰਕਾਰ ਵਲੋਂ ਇਲਾਜ ਲਈ ਨਿਰਧਾਰਿਤ ਕੀਤੇ ਗਏ ਰੇਟ ਹੀ ਲਏ ਜਾਣਗੇ।

ਸਾਰੰਗਲ ਨੇ ਉਪ ਮੰਡਲ ਮੈਜਿਸਟਰੇਟ-2 ਰਾਹੁਲ ਸਿੰਧੂ ਅਤੇ ਡੀ.ਐਮ.ਸੀ. ਡਾ.ਜੋਤੀ ਨੂੰ ਕਿਹਾ ਕਿ ਇਨਾਂ ਹਸਪਤਾਲਾਂ ਨਾਲ ਸੁਚਾਰੂ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।

ਉਨ੍ਹਾਂ ਦੱਆ ਕਿ ਜ਼ਿਲ੍ਹੇ ਵਿੱਚ ਸਥਿਤੀ ਕਾਬੂ ਹੇਠ ਹੈ ਅਤੇ ਉਨ੍ਹਾਂ ਨੂੰ ਟੈਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਦੀ ਸਮੇਂ ਸਿਰ ਪਹਿਚਾਣ ਕਰਕੇ ਇਲਾਜ ਸ਼ੁਰੂ ਕੀਤਾ ਜਾ ਸਕੇ ਅਤੇ ਅਗੋਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।