ਜਲੰਧਰ : ਪਤੀ-ਪਤਨੀ ਦਾ ਪਾਲਣ-ਪੋਸ਼ਣ ਵੱਖਰੇ ਢੰਗ ਨਾਲ ਵੱਖਰੇ ਮਾਹੌਲ ’ਚ ਹੋਣ ਕਾਰਨ ਆਦਤਾਂ ਤੇ ਰੁਚੀਆਂ ’ਚ ਅੰਤਰ ਹੋਣਾ ਸੁਭਾਵਿਕ ਹੈ ਪਰ ਨਵੇਂ ਘਰ ਤੇ ਮਾਹੌਲ ਵਿੱਚ ਸਭ ਪਰਿਵਾਰਕ ਮੈਂਬਰਾਂ ਦੇ ਮਨਾਂ ’ਚ ਉਚਿਤ ਜਗ੍ਹਾ ਬਣਾਉਣ ਖ਼ਾਤਰ ਪਰਿਵਾਰ ਦੇ ਹਰ ਮੈਂਬਰ ਨੂੰ ਤਵੱਜੋਂ ਦੇਣਾ, ਹੋਰ ਰਿਸ਼ਤੇਦਾਰਾਂ ਨਾਲ ਮੇਲ-ਮਿਲਾਪ, ਰਿਸ਼ਤੇ-ਨਾਤੇ ਜੋੜਨੇ ਤੇ ਨਿਭਾਉਣੇ ਇਹ ਸਭ ਔਰਤ ਦੀ ਜ਼ਿੰਮੇਵਾਰੀ ਹੁੰਦੀ ਹੈ।
ਹਰ ਸੁਆਣੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦੀ ਹੈ। ਕਹਿੰਦੇ ਹਨ ‘ਸੂਰਜ ਚੜ੍ਹੇ ਨਾ ਚੜ੍ਹੇ ਜ਼ਿੰਦਗੀ ਚਲਦੀ ਹੈ ਪਰ ਔਰਤ ਜਲਦੀ ਉੱਠ ਕੇ ਘਰ ਦਾ ਕੰਮ ਸ਼ੁਰੂ ਨਾ ਕਰੇ ਤਾਂ ਘਰ ਨਹੀਂ ਚੱਲ ਸਕਦਾ’। ਉਹ ਸੂਰਜ ਦੀਆਂ ਕਿਰਨਾਂ ਵਾਂਗ ਘਰ ਨੂੰ ਰੁਸ਼ਨਾ ਦਿੰਦੀ ਹੈ। ਮਹਿਕਾਂ ਵੰਡਦੀ ਹੋਈ ਘਰ ਵਿੱਚ ਕਈ ਰੂਪਾਂ ’ਚ ਵਿਚਰਦੀ ਉਹ ਮਾਂ, ਨੂੰਹ, ਭਰਜਾਈ ਤੇ ਪਤਨੀ ਦੇ ਰੂਪ ’ਚ ਸਾਰੇ ਟੱਬਰ ਦੇ ਕੰਮ ਸੰਵਾਰਦੀ ਤੇ ਉਨ੍ਹਾਂ ਦੀ ਪਸੰਦ ਦੇ ਸ਼ੌਕ ਪੂਰੇ ਕਰਦੀ ਹੈ। ਉਸ ਦੀ ਸਹਾਇਤਾ ਦੀ ਲੋੜ ਜੋ ਸਾਰੇ ਪਰਿਵਾਰ ਦੇ ਮੈਂਬਰ ਮਹਿਸੂਸ ਕਰਦੇ ਹਨ, ਤੋਂ ਉਸ ਨੂੰ ਸੰਤੁਸ਼ਟੀ ਤੇ ਤਸੱਲੀ ਮਿਲਦੀ ਹੈ ਪਰ ਕਈ ਵਾਰ ਇਸ ਜਜ਼ਬੇ ਕਾਰਨ ਉਹ ਸਾਰਿਆਂ ਦੀ ਆਪਣੇ ’ਤੇ ਪੂਰਨ-ਨਿਰਭਰਤਾ ਮੁੱਲ ਲੈ ਲੈਂਦੀ ਹੈ। ਇੱਥੇ ਘਰ ਦੇ ਮੈਂਬਰਾਂ ਨੂੰ ਉਸ ਦੇ ਜ਼ਜਬੇ ਦਾ ਸਤਿਕਾਰ ਕਰਦੇ ਹੋਏ ਆਪਣਾ ਕੰਮ ਖ਼ੁਦ ਕਰ ਲੈਣ ਦੀ ਆਦਤ ਵੀ ਪਾ ਲੈਣੀ ਚਾਹੀਦੀ ਹੈ।
ਅਜੋਕੇ ਦੌਰ ’ਚ ਪਤਨੀ ਆਮ ਤੌਰ ’ਤੇ ਕੰਮ-ਕਾਜੀ ਹੁੰਦੀ ਹੈ। ਉਸ ਨੂੰ ਘਰ ਤੇ ਬਾਹਰ, ਹਰ ਜਗ੍ਹਾ ਆਪਣੀ ਹੋਂਦ ਲਈ ਸੰਘਰਸ਼ ਕਰਨਾ ਪੈਂਦਾ ਹੈ। ਔਰਤ ਅਤੇ ਮਰਦ ਦੀ ਬਰਾਬਰੀ ਤੇ ਹੱਕਾਂ ਬਾਰੇ ਜਿੰਨਾ ਮਰਜ਼ੀ ਕਹਿ-ਸੁਣ ਤੇ ਪ੍ਰਚਾਰ ਕਰ ਲਈਏ ਪਰ ਫਿਰ ਵੀ ਇਸ ਮਰਦ ਪ੍ਰਧਾਨ ਸਮਾਜ ’ਚ ਜੁਗਾਂ-ਜੁਗਾਂਤਰਾਂ ਤੇ ਆਦਿ ਕਾਲ ਤੋਂ ਚੱਲ ਰਿਹਾ ਵਖਰੇਵਾਂ ਖ਼ਤਮ ਕਰਨਾ ਹਾਲੇ ਬਹੁਤ ਦੂਰ ਦੀ ਗੱਲ ਹੈ। ਹਾਂ, ਥੋੜ੍ਹਾ ਬਹੁਤ ਸਾਵਾਂ ਮਾਹੌਲ ਪੈਦਾ ਹੋ ਜਾਣ ਦੀ ਆਸ ਹੋ ਸਕਦੀ ਹੈ। ਉੱਚ ਯੋਗਤਾ ਪ੍ਰਾਪਤ ਔਰਤ ਨੌਕਰੀ ਕਰ ਕੇ ਇੱਕ ਸੁਖਦ-ਅਹਿਸਾਸ ਪਾਲਦੀ ਹੈ ਕਿ ਉਹ ਖ਼ੁਦ ਕਮਾਉਂਦੀ ਹੈ ਤੇ ਆਤਮ-ਨਿਰਭਰ ਹੋ ਸਕਦੀ ਹਾਂ ਪਰ ਘਰ ਵੜਦਿਆਂ ਹੀ ਉਸ ਦੀ ਜ਼ਿੰਦਗੀ ਦਾ ਰੁਖ਼ ਬਦਲ ਜਾਂਦਾ ਹੈ। ਘਰੋਂ ਬਾਹਰ ਰਹਿਣ ਕਰ ਕੇ ਖਿਲਾਰਾ ਵੀ ਵਧ ਜਾਂਦਾ ਹੈ। ਪਰਿਵਾਰ ਦਾ ਪੱਖ ਹੁੰਦਾ ਹੈ ਕਿ ਅਸੀਂ ਸਾਰਾ ਦਿਨ ਘਰ ਖਪਦੇ ਰਹੇ ਹਾਂ, ਹੁਣ ਇਹ ਸਾਂਭੇ ਆਪਣੇ ਬੱਚੇ ਤੇ ਘਰ ਦਾ ਕੰਮ। ਮਰਦ ਆਮ ਤੌਰ ’ਤੇ ਕੋਈ ਸਮਝੌਤਾ ਨਹੀਂ ਕਰਦੇ ਅਤੇ ਪੂਰੀ ਖ਼ਿਦਮਤ ਦੀ ਮੰਗ ਕਰਦੇ ਹਨ। ਸਹਿਯੋਗ ਦੇਣ ਦੀ ਬਜਾਇ ਕੁਝ ਤਾਂ ਸਾਰੇ ਦਿਨ ਦੀ ਦਫ਼ਤਰ ਦੀ ਝੁੰਜਲਾਹਟ ਤੇ ਗੁੱਸਾ ਵੀ ਪਤਨੀ ’ਤੇ ਕੱਢਣ ਤੋਂ ਗੁਰੇਜ਼ ਨਹੀਂ ਕਰਦੇ। ਕਿਸੇ ਸਮਝਦਾਰ ਤੇ ਸੁਲਝੇ ਵਿਅਕਤੀ ਦਾ ਕਥਨ ਹੈ ਕਿ ਜਦੋਂ ਕੰਮ ਤੋਂ ਆਓ ਤਾਂ ਸਾਰੀ ਚਿੰਤਾ ਤੇ ਗੁੱਸਾ, ਘਰ ਵੜਨ ਤੋਂ ਪਹਿਲਾਂ ਰਾਹ ’ਚ ਪੈਂਦੇ ਕਿਸੇ ਦਰੱਖਤ ’ਤੇ ਕਾਲਪਨਿਕ ਥੈਲੇ ’ਚ ਪਾ ਕੇ ਟੰਗ ਆਓ ਤੇ ਅਗਲੇ ਦਿਨ ਜਾਂਦੇ ਹੋਏ ਉਤਾਰ ਕੇ ਨਾਲ ਲੈ ਜਾਓ। ਘਰ ਸੰਸਾਰ ’ਤੇ ਇਨ੍ਹਾਂ ਨੂੰ ਹਾਵੀ ਨਾ ਹੋਣ ਦਿਓ।
ਜ਼ਿੰਦਗੀ ਇੱਕ ਇੰਦਰ-ਧਨੁਸ਼ ਦੀ ਤਰ੍ਹਾਂ ਹੈ ਅਤੇ ਜੇ ਇਸ ਦਾ ਇੱਕ ਰੰਗ ਵੀ ਕੱਢ ਲਿਆ ਜਾਵੇ ਤਾਂ ਇਸ ਦੀ ਸੁੰਦਰਤਾ ਨਹੀਂ ਰਹਿੰਦੀ। ਇਸੇ ਤਰ੍ਹਾਂ ਔਰਤ ਦੀ ਖ਼ੂਬਸੂਰਤੀ ਵੀ ਜ਼ਿੰਦਗੀ ਦਾ ਹਰ ਰੰਗ ਸਮੇਟ ਕੇ ਰੱਖਣ ਵਿੱਚ ਹੈ। ਔਰਤ ਦਾ ਜੀਵਨ ਸਾਥੀ ਨਾਲ ਰਿਸ਼ਤਾ ਚਾਹੇ ਸਬੱਬੀ ਜੁੜਦਾ ਹੈ ਪਰ ਅਸੀਂ ਜ਼ਿੰਦਗੀ ਦਾ ਲੰਮਾ ਪੈਂਡਾ ਇਸੇ ਰਿਸ਼ਤੇ ਨਾਲ ਤੈਅ ਕਰਦੇ ਹਾਂ। ਇਸ ਕਾਰਨ ਇਹ ਰਿਸ਼ਤਾ ਸਭ ਤੋਂ ਨਜ਼ਦੀਕੀ, ਲੰਮਾ ਸਮਾਂ ਚੱਲਣ ਵਾਲਾ ਤੇ ਅਟੁੱਟ ਬਣ ਜਾਂਦਾ ਹੈ। ਐਨਾ ਹੀ ਨਹੀਂ ਭਵਿੱਖ ਦੇ ਨਿਰਮਾਤਾ ਬੱਚਿਆਂ ਦੀ ਬਹੁਪੱਖੀ ਸ਼ਖ਼ਸੀਅਤ ਦੀ ਉਸਾਰੀ ਵੀ ਮਾਂ-ਬਾਪ ਦੇ ਹੱਥ ਹੁੰਦੀ ਹੈ। ਇਸ ਲਈ ਨਰੋਏ ਸਮਾਜ ਦੀ ਸਿਰਜਣਾ ਹਿੱਤ ਪਤੀ-ਪਤਨੀ ਦੇ ਇਸ ਸਬੱਬੀਂ ਜੁੜੇ ਰਿਸ਼ਤੇ ਵਿੱਚ ਆਪਸੀ ਪਿਆਰ, ਤਾਲਮੇਲ ਤੇ ਸਮਝਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਜ਼ਿੰਦਗੀ ਦੀ ਗੱਡੀ ਸਹਿਜ ਰਹੇਗੀ ਤੇ ਇਹ ਸਫ਼ਰ ਵੀ ਆਸਾਨੀ ਨਾਲ ਕੱਟਿਆ ਜਾਵੇਗਾ।(ਸਮਾਪਤ)